ਨੌਸ਼ਹਿਰਾ ਮੱਝਾ ਸਿੰਘ, 18 ਜੂਨ (ਤਰਸੇਮ ਸਿੰਘ ਤਰਾਨਾ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਸ਼ੇਰਪੁਰ ਨੇ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਕੇ ਸੂਚਿਤ ਕੀਤਾ ਕਿ ਸਠਿਆਲੀ ਨਹਿਰ ਵਿਚੋਂ ਨਿਕਲਦੇ ਰਜਬਾਹਾ ਦਿਆਲਗੜ੍ਹ ਵਿਚ ਖੇਤੀ ਵਰਤੋਂ ਲਈ ਅਤਿ ਲੋੜੀਂਦਾ ਨਹਿਰੀ ਪਾਣੀ ਅਜੇ ਤੱਕ ਨਾ ਭੇਜਣ ਦੀ ਵਜ੍ਹਾ ਕਰ ਕੇ ਜਿੱਥੇ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨ ਪ੍ਰੇਸ਼ਾਨ ਹਨ ਉਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨੂੰ ਲੋੜੀਂਦਾ ਨਹਿਰੀ ਪਾਣੀ ਨਿਯਮਤ ਰੂਪ ਵਿਚ ਮੁਹੱਈਆ ਕਰਵਾਉਣ 'ਚ ਅਸਫ਼ਲ ਸਿੱਧ ਹੋ ਰਹੀ ਹੈ | ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਸ਼ੇਰਪੁਰ ਨੇ ਦੱਸਿਆ ਕਿ ਨਹਿਰੀ ਪਾਣੀ ਝੋਨੇ ਦੀ ਫ਼ਸਲ ਬਿਜਾਈ ਕਰਨ ਲਈ ਜ਼ਰੂਰੀ ਹੋਣ ਦੇ ਨਾਲ-ਨਾਲ ਭਰਪੂਰ ਜ਼ਮੀਨੀ ਖੁਰਾਕੀ ਤੱਤਾਂ ਸਮੇਤ ਪੌਸ਼ਟਿਕ ਹੈ ਪ੍ਰੰਤੂ ਸਬੰਧਤ ਵਿਭਾਗ ਦੀ ਅਣਗਹਿਲੀ ਕਾਰਨ ਰਜਬਾਹੇ ਵਿਚ ਨਾ ਆਉਣ ਕਰ ਕੇ ਸਰਕਾਰ ਦੇ ਲੋੜ ਮੁਤਾਬਿਕ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਦਾਅਵੇ ਖੋਖਲੇ ਸਿੱਧ ਹੋ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਹਜ਼ਾਰਾਂ ਏਕੜ ਝੋਨੇ ਦੀ ਬਿਜਾਈ ਨੂੰ ਵੇਖਦਿਆਂ ਮੁੱਖ ਮੰਤਰੀ ਪੰਜਾਬ ਇਸ ਰਜਬਾਹਾ ਦਿਆਲਗੜ੍ਹ 'ਚ ਤੁਰੰਤ ਨਹਿਰੀ ਪਾਣੀ ਛੱਡੇ ਜਾਣ ਲਈ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ |