ਦਰਖਾਸਤ ਦੇਣ ਤੋਂ ਬਾਅਦ ਵੀ ਪੁਲਿਸ ਵਲੋਂ ਅਜੇ ਤੱਕ ਮੌਕੇ ਦਾ ਨਹੀਂ ਲਿਆ ਗਿਆ ਜਾਇਜ਼ਾ
ਅਜੀਤ ਡੈਸਕ
19-06-2025
ਘਰੋਟਾ, 18 ਜੂਨ (ਸੰਜੀਵ ਗੁਪਤਾ)-ਨੰਗਲ ਭੂਰ ਪੁਲਿਸ ਚੌਂਕੀ ਅਧੀਨ ਪੈਂਦੇ ਅੱਡਾ ਮੀਰਥਲ ਵਿਖੇ ਦੋ ਦਿਨ ਪਹਿਲੇ ਕਰਿਆਨੇ ਦੀ ਦੁਕਾਨ 'ਤੇ ਹੋਈ ਚੋਰੀ ਦੀ ਦਰਖਾਸਤ ਦੇਣ ਉਪਰੰਤ ਪੁਲਿਸ ਵਲੋਂ ਅਜੇ ਤੱਕ ਮੌਕੇ ਦਾ ਜਾਇਜ਼ਾ ਨਹੀਂ ਲਿਆ ਗਿਆ | ਜਿਸ ਨੂੰ ਲੈ ਕੇ ਵਿਭਾਗੀ ਕਾਰਵਾਈ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ | ਅੱਡਾ ਮੀਰਥਲ ਵਿਖੇ ਸਥਿਤ ਮਹਾਜਨ ਟਰੇਡਿੰਗ ਕੰਪਨੀ ਦੀ ਧਰਮ ਦਿਹਾੜੇ ਵਾਲੀ ਰਾਤ ਨੂੰ ਚੋਰਾਂ ਵਲੋਂ ਦੁਕਾਨ ਦੀ ਪਿਛਲੀ ਸਾਈਡ 'ਤੇ ਲੱਗੇ ਸ਼ਟਰ ਨੂੰ ਭੰਨ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ | ਪ੍ਰਭਾਵਿਤ ਦੁਕਾਨਦਾਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ 16 ਜੂਨ ਸਵੇਰੇ ਨੂੰ ਨੰਗਲ ਭੂਰ ਪੁਲਿਸ ਥਾਣੇ ਵਿਚ ਚੋਰੀ ਦੀ ਹੋਈ ਵਾਰਦਾਤ ਦੀ ਸੂਚਨਾ ਦਿੱਤੀ ਸੀ | ਪਰ ਅਜੇ ਤੱਕ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਨੇ ਅਜੇ ਤੱਕ ਮੌਕਾ ਤੱਕ ਨਹੀਂ ਦੇਖਿਆ | ਪ੍ਰਭਾਵਿਤ ਦੁਕਾਨਦਾਰ ਨੇ ਐਸ.ਐਸ.ਪੀ. ਪਠਾਨਕੋਟ ਤੋਂ ਮੰਗ ਕਰਕੇ ਐਫ.ਆਈ.ਆਰ. ਦਰਜ ਕਰਨ 'ਤੇ ਯੋਗ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਭਵਿੱਖ ਵਿਚ ਅਜਿਹੀ ਘਟਨਾ ਨਾ ਹੋ ਸਕੇ |