ਬਟਾਲਾ, 19 ਜੂਨ (ਰਾਕੇਸ਼ ਰੇਖੀ)-ਪਿਛਲੇ ਦਿਨੀਂ ਪਿੰਡ ਕੋਟ ਦਲਪਤ ਰਾਏ ਵਿਚ ਨਾਜਾਇਜ਼ ਸ਼ਰਾਬ ਫ਼ੜਨ ਗਏ ਠੇਕੇਦਾਰ ਦੇ ਕਰਿੰਦਿਆਂ 'ਤੇ ਹੋਏ ਜਾਨਲੇਵਾ ਹਮਲੇ, ਜਿਸ ਵਿਚ ਗੋਲੀ ਲੱਗਣ ਨਾਲ ਕਰਿੰਦਾ ਜ਼ਖ਼ਮੀ ਹੋ ਗਿਆ ਸੀ | ਇਸ ਮਾਮਲੇ ਵਿਚ ਪੁਲਿਸ ਨੇ 2 ਨਾਮਜ਼ਦ ਅਤੇ 2 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਡੇਰਾ ਬਾਬਾ ਨਾਨਕ ਦੇ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਵਾਸੀ ਖੇਮਕਰਨ ਜ਼ਿਲ੍ਹਾ ਤਰਨਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਸਟਾਰ ਵਾਈਨ ਸਰਕਲ ਬਟਾਲਾ-2 ਦੀ ਨਿੱਜੀ ਐਕਸਾਈਜ਼ ਛਾਪਾਮਾਰੀ ਟੀਮ ਵਿਚ ਕੰਮ ਕਰਦਾ ਹੈ | ਬੀਤੇ ਦਿਨੀਂ ਨਾਜਾਇਜ਼ ਸ਼ਰਾਬ ਦੀ ਸੂਚਨਾ ਮਿਲਣ 'ਤੇ ਉਹ ਆਪਣੇ ਟੀਮ ਇੰਚਾਰਜ ਗੁਰਜੰਟ ਸਿੰਘ ਵਾਸੀ ਜਾਫਰਕੋਟ, ਮੰਗਲ ਸਿੰਘ ਅਤੇ ਸਾਬਾ ਸਿੰਘ ਵਾਸੀ ਅਜਨਾਲਾ ਨਾਲ ਆਪਣੀ ਗੱਡੀ ਰਾਹੀਂ ਪਿੰਡ ਕੋਟ ਦਲਪਤ ਰਾਏ ਗਿਆ ਸੀ | ਸ਼ਾਮ ਕਰੀਬ 7 ਵਜੇ ਪਿੰਡ ਦੇ ਚੌਕ ਵਿਚ ਗੱਡੀ ਖੜੀ ਕਰ ਕੇ ਉਹ ਆਪਣੀ ਸੂਚਨਾ ਮੁਤਾਬਿਕ ਕਿਸੇ ਦੀ ਉਡੀਕ ਕਰ ਰਹੇ ਸੀ | ਇਸੇ ਦੌਰਾਨ ਪਿੰਡ ਦੇ ਰਹਿਣ ਵਾਲੇ ਜਸਬੀਰ ਸਿੰਘ ਬੱਬਲੀ ਉਨ੍ਹਾਂ ਕੋਲ ਆ ਗਿਆ ਤੇ ਕਿਹਾ ਕਿ ਉਹ ਇਸ ਵਾਰਡ ਦਾ ਐੱਮ.ਸੀ. ਹੈ ਅਤੇ ਉਹ, ਉਨ੍ਹਾਂ ਨੂੰ ਆਪਣੇ ਵਾਰਡ ਵਿਚ ਨਹੀਂ ਆਉਣ ਦੇਵੇਗਾ ਤੇ ਉਨ੍ਹਾਂ ਨਾਲ ਝਗੜਾ ਕਰਨ ਲੱਗ ਪਿਆ | ਇਸੇ ਦੌਰਾਨ ਪਿੰਡ ਦਾ ਹੀ ਹਰਦੀਪ ਸਿੰਘ ਦੀਪੂ ਅਤੇ ਉਸ ਦੇ 2 ਹੋਰ ਸਾਥੀ ਆ ਗਏ ਤੇ ਝਗੜਾ ਕਰਨ ਲੱਗ ਪਏ | ਇਸੇ ਦੌਰਾਨ ਹਰਦੀਪ ਸਿੰਘ ਦੀਪੂ ਨੇ ਆਪਣਾ ਪਿਸਤੌਲ ਕੱਢ ਕੇ ਉਸ 'ਤੇ ਸਿੱਧੀ ਗੋਲੀ ਚਲਾ ਦਿੱਤੀ, ਜੋ ਉਸ ਦੀ ਲੱਤ ਵਿਚ ਲੱਗੀ | ਹਮਲਾਵਰਾਂ ਨੇ ਉਨ੍ਹਾਂ ਨਾਲ ਕਾਫ਼ੀ ਮਾਰਕੁੱਟ ਕੀਤੀ ਅਤੇ ਉਨ੍ਹਾਂ ਦੀ ਗੱਡੀ ਦੀ ਵੀ ਭੰਨਤੋੜ ਕਰ ਦਿੱਤੀ | ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਜਸਬੀਰ ਸਿੰਘ ਉਰਫ ਬਬਲੀ, ਹਰਦੀਪ ਸਿੰਘ ਉਰਫ਼ ਦੀਪੂ ਅਤੇ 2 ਹੋਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |