ਫੁੱਲਾਂਵਾਲ, 19 ਜੂਨ (ਮਨਜੀਤ ਸਿੰਘ ਦੁੱਗਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਦਿਖਾਉਣ ਦੀ ਥਾਂ ਸੱਤਾ ਪ੍ਰਾਪਤ ਕਰਨ ਲਈ ਭਾਜਪਾ ਦੇ ਆਸਰੇ ਵੱਲ ਤੱਕ ਰਹੇ ਹਨ | ਸੂਬੇ ਅੰਦਰ ਅਕਾਲੀ ਦਲ ਦੀ ਮਜ਼ਬੂਤੀ ਤੋਂ ਬਿਨ੍ਹਾਂ ਭਾਜਪਾ ਨਾਲ ਸਮਝੌਤਾ ਹੋਣ ਦੀ ਆਸ ਨਹੀਂ ਕੀਤੀ ਜਾ ਸਕਦੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੋਤੀ ਬਾਗ ਕਾਲੋਨੀ ਫੁੱਲਾਂਵਾਲ ਵਿਖੇ ਅਕਾਲੀ ਆਗੂ ਕੁਲਦੀਪ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਥਕ ਸਿਧਾਂਤਾਂ ਨੂੰ ਛੱਡਣ ਵਾਲੇ ਲੋਕ ਮੁੜ ਸਿਧਾਂਤ ਅਨੁਸਾਰ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਦੋ ਦਸੰਬਰ 2024 ਦੇ ਹੁਕਮਨਾਮੇ ਨੂੰ ਮੰਨਣ ਤਾਂ ਹੀ ਅਕਾਲੀ ਦਲ ਮੁੜ ਪਹਿਲਾਂ ਵਾਲੀ ਸਥਿਤੀ ਵਿਚ ਆ ਸਕਦਾ ਹੈ | ਪੰਜ ਸਿੰਘ ਸਾਹਿਬਾਨ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਦੋ ਦਸੰਬਰ ਦਾ ਹੁਕਮਨਾਮਾ ਜਾਰੀ ਕੀਤਾ ਸੀ, ਪਰ ਅਕਾਲੀ ਦਲ ਉਸ ਤੋਂ ਮੁਨਕਰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਵ: ਸੁਖਦੇਵ ਸਿੰਘ ਢੀਂਡਸਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਵੇਖਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਆਪਣੇ ਅੰਤਲੇ ਸਮੇਂ ਵੀ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇ ਕੇ ਤਿਆਗ ਦੀ ਭਾਵਨਾ ਦਿਖਾਉਣ ਦੀ ਸਲਾਹ ਦਿੱਤੀ ਸੀ ਪਰ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਪਿੱਛੇ ਹਟਣਾ ਨਹੀਂ ਚਾਹੁੰਦੇ | ਉਨ੍ਹਾਂ ਕਿਹਾ ਕਿ ਉਹ ਸਵ: ਢੀਂਡਸਾ ਦੀ ਅੰਤਿਮ ਇੱਛਾ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰਨਗੇ | ਪੰਜ ਮੈਂਬਰੀ ਕਮੇਟੀ ਦਾ ਨਿਸ਼ਾਨਾ ਸਿੱਖ ਕੌਮ ਦਾ ਵਿਸ਼ਵਾਸ਼ ਜਿੱਤਣਾ ਅਤੇ ਪੰਥਕ ਰਵਾਇਤਾਂ ਅਨੁਸਾਰ ਵਿਚਾਰਧਾਰਾ ਉੱਪਰ ਪਹਿਰਾ ਦੇ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ | ਇਸ ਮੌਕੇ ਅਕਾਲੀ ਆਗੂ ਸੁਖਦੇਵ ਸਿੰਘ ਚੱਕ, ਮੇਜਰ ਸਿੰਘ ਖਾਲਸਾ, ਭੁਪਿੰਦਰ ਸਿੰਘ ਖੁਰਾਣਾ, ਪੂਨਮ ਕੇ. ਸਿੱਧੂ ਇੰਸਪੈਕਟਰ ਜਸਵਿੰਦਰ ਸਿੰਘ, ਰਣਦੀਪ ਸਿੰਘ ਚੱਠਾ ਭਵਰਾਜ ਸਿੰਘ ਸਿੱਧੂ ਅਤੇ ਜਸਪਾਲ ਸਿੰਘ ਇਸਲਾਮਗੰਜ ਵੀ ਹਾਜ਼ਰ ਸਨ |