ਕਾਹਨੂੰਵਾਨ/ਭੈਣੀ ਮੀਆਂ ਖਾਂ, 20 ਜੂਨ (ਜਸਪਾਲ ਸਿੰਘ ਸੰਧੂ, ਜਸਬੀਰ ਸਿੰਘ ਬਾਜਵਾ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਝੰਡਾ ਗੁੱਜਰਾਂ ਵਿਖੇ ਪਿੰਡ ਦੇ ਸਰਪੰਚ ਅਤੇ ਉਸ ਦੇ ਭਤੀਜੇ ਦੇ ਪਰਿਵਾਰ ਦਰਮਿਆਨ ਤਿੱਖਾ ਝਗੜਾ ਹੋਇਆ ਹੈ | ਇਸ ਸਬੰਧੀ ਜ਼ੇਰੇ ਇਲਾਜ ਪੀੜਤ ਮੁਕੇਸ਼ ਰਾਣੀ ਪਤਨੀ ਕਮਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਕਰੀਬ 7 ਵਜੇ ਉਨ੍ਹਾਂ ਦੇ ਭਰਾ ਅਤੇ ਪੁੱਤਰੀ ਨਾਲ ਭੈਣੀ ਮੀਆਂ ਖਾਂ ਤੋਂ ਪਿੰਡ ਝੰਡਾ ਗੱੁਜਰਾਂ ਨਵੀਂ ਖਰੀਦੀ ਥਾਰ ਗੱਡੀ ਉੱਤੇ ਜਾ ਰਹੇ ਸਨ | ਇਸ ਦੌਰਾਨ ਰਸਤੇ ਵਿਚ ਉਨ੍ਹਾਂ ਨੂੰ ਪਿੰਡ ਦਾ ਸਰਪੰਚ ਦਲਜੀਤ ਸਿੰਘ ਸਾਹਮਣੇ ਤੋਂ ਕਾਰ ਉੱਤੇ ਆਉਂਦਾ ਮਿਲਿਆ ਤਾਂ ਗੱਡੀਆਂ ਨੂੰ ਨੇੜੇ ਤੋਂ ਪਾਸ ਕਰਦੇ ਸਮੇਂ ਉਨ੍ਹਾਂ ਦੀ ਆਪਸ ਵਿਚ ਤਕਰਾਰ ਹੋ ਗਈ, ਜਿਸ ਦੌਰਾਨ ਸਰਪੰਚ ਨੇ ਪਿਸਤੌਲ ਕੱਢ ਕੇ ਉਨ੍ਹਾਂ ਉੱਤੇ ਹਮਲਾ ਕਰਨ ਦੀ ਕੋਸਿਸ਼ ਕੀਤੀ ਪਰ ਇਸ ਮੌਕੇ ਪਿਸਤੌਲ ਤੋਂ ਕੋਈ ਗੋਲੀ ਨਾ ਚੱਲ ਸਕੀ ਤਾਂ ਇਸ ਦੌਰਾਨ ਕਮਲਜੀਤ ਸਿੰਘ ਵਲੋਂ ਸਰਪੰਚ ਨੂੰ ਰੋਕਦੇ ਸਮੇਂ ਉਸ ਦਾ ਪਿਸਤੌਲ ਹੇਠਾਂ ਡਿਗ ਗਿਆ | ਉਨ੍ਹਾਂ ਵਲੋਂ ਪਿਸਤੌਲ ਕਬਜ਼ੇ ਵਿਚ ਲੈ ਕੇ ਥਾਣੇ ਵਿਖੇ ਜਮ੍ਹਾ ਕਰਵਾ ਦਿੱਤਾ ਗਿਆ | ਮੁਕੇਸ਼ ਰਾਣੀ ਨੇ ਦੱਸਿਆ ਕਿ ਦਰਖਾਸਤ ਦੇਣ ਗਏ ਉਸ ਦੇ ਪਤੀ ਨੂੰ ਪੁਲਿਸ ਵਲੋਂ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ | ਇਸ ਮੌਕੇ ਕਰੀਬ 10 ਵਜੇ ਜਦੋਂ ਉਹ ਨਵੀਂ ਖਰੀਦੀ ਥਾਰ ਗੱਡੀ ਉੱਤੇ ਥਾਣੇ ਤੋਂ ਪਿੰਡ ਨੂੰ ਚੱਲੇ ਤਾਂ ਉਨ੍ਹਾਂ ਮਗਰ ਕੁਝ ਗੁੰਡਿਆਂ ਨਾਲ ਭਰੀ ਗੱਡੀ ਪਿੱਛਾ ਕਰਨ ਲੱਗੀ | ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਨੇੜਲੇ ਪੈਂਦੇ ਇਤਿਹਾਸਕ ਮੰਦਰ ਨਾਗ ਮੰਡੀ ਵਿਚ ਲਿਜਾ ਕੇ ਖੜ੍ਹੀ ਕਰ ਦਿੱਤੀ ਪਰ ਪਿੱਛਾ ਕਰ ਰਹੇ ਗੁੰਡਾ ਅਨਸਰਾਂ ਨੇ ਉਨ੍ਹਾਂ ਉੱਤੇ ਡਾਂਗਾਂ, ਬਰਸ਼ਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਉਨ੍ਹਾਂ ਨੇ ਨਵੀਂ ਥਾਰ ਗੱਡੀ ਨੂੰ ਡਾਂਗਾਂ ਤੇ ਰਾਡਾਂ ਨਾਲ ਬੁਰੀ ਤਰਾਂ ਭੰਨਤੋੜ ਕੀਤੀ ਅਤੇ ਗੱਡੀ ਦੇ ਚਾਲਕ ਨੂੰ ਗੱਡੀ ਤੋਂ ਬਾਹਰ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ ਬੇਹੋਸ਼ ਕਰ ਦਿੱਤਾ | ਇਸ ਦੌਰਾਨ ਮੰਦਰ ਦੇ ਪੁਜਾਰੀਆਂ ਵਲੋਂ ਪੀੜਤਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ | ਪੀੜਤ ਧਿਰ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ | ਦੂਸਰੀ ਧਿਰ ਦੇ ਦਲਜੀਤ ਸਿੰਘ ਸਰਪੰਚ ਨੇ ਇਸ ਸਬੰਧੀ ਆਪਣਾ ਪੱਖ ਦੱਸਦਿਆਂ ਕਿਹਾ ਕਿ ਬੀਤੇ ਦਿਨ ਜਦੋਂ ਉਹ ਕਾਰ ਉੱਤੇ ਪਿੰਡ ਤੋਂ ਭੈਣੀ ਮੀਆਂ ਖਾਂ ਦੀ ਤਰਫ ਜਾ ਰਿਹਾ ਸੀ ਤਾਂ ਦੂਜੀ ਧਿਰ ਵਲੋਂ ਸਾਹਮਣੇ ਥਾਰ ਗੱਡੀ ਖੜੀ ਕਰ ਕੇ ਉਸ ਨਾਲ ਤਕਰਾਰਬਾਜ਼ੀ ਕੀਤੀ ਗਈ | ਦੂਸਰੀ ਪਾਰਟੀ ਦੀ ਗੱਡੀ ਕਿਸ ਨੇ ਤੋੜੀ ਹੈ, ਇਸ ਬਾਰੇ ਉਸ ਨੂੰ ਕੁਝ ਨਹੀਂ ਪਤਾ | ਇਸ ਸਬੰਧੀ ਥਾਣਾ ਕਾਹਨੂੰਵਾਨ ਦੇ ਮੁਖੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਝਗੜੇ ਨਾਲ ਸਬੰਧਿਤ ਦੋਵਾਂ ਧਿਰਾਂ ਵਿਚ ਰਾਜੀਨਾਮੇਂ ਦੀ ਗੱਲ ਚੱਲ ਰਹੀ ਹੈ | ਡੀ. ਐਸ. ਪੀ. ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਤੇ ਤਫਤੀਸ਼ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ |