ਗੁਰਦਾਸਪੁਰ, 20 ਜੂਨ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਇਮਾਰਤ ਨਾਲ ਲੱਗਦੇ ਛੱਪੜ ਦੀ ਸਫਾਈ ਨਾ ਹੋਣ ਕਰਕੇ ਕੀੜੇ ਮਕੌੜਿਆਂ ਦੀ ਭਰਮਾਰ ਹੋ ਗਈ ਹੈ ਅਤੇ ਥਾਣੇ ਨੇੜੇ ਘਰਾਂ 'ਚ ਭੈੜੀ ਬਦਬੂ ਆਉਣ ਕਰਕੇ ਲੋਕ ਕਈ ਭਿਆਨਕ ਬਿਮਾਰੀਆਂ ਦੀ ਗਿ੍ਫ਼ਤ ਵਿਚ ਫਸ ਰਹੇ ਹਨ ਪਰ ਸਬੰਧਿਤ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਜਿਸ ਕਰਕੇ ਲੋਕਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ਼ ਭਾਰੀ ਰੋਸ ਹੈ | ਪਿੰਡ ਦੇ ਲੋਕਾਂ ਨੇ ਦੱਸਿਆ ਕਿ ਥਾਣਾ ਪੁਰਾਣਾ ਸ਼ਾਲਾ ਇਕ ਹਸਪਤਾਲ ਦੀ ਇਮਾਰਤ 'ਚ ਚੱਲ ਰਿਹਾ ਹੈ ਅਤੇ ਪਹਿਲੀਆਂ ਪੰਚਾਇਤਾਂ ਨੇ ਪੁਲਿਸ ਦੇ ਨਾਂਅ ਪੰਚਾਇਤੀ ਜਗ੍ਹਾ ਦੀ ਰਜਿਸਟਰੀ ਕਰਵਾਉਣ ਸਬੰਧੀ ਕਾਫ਼ੀ ਅਫਸਰਾਂ ਨਾਲ ਮੇਲ ਮਿਲਾਪ ਕਰਨ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ ਅਤੇ ਹੁਣ ਥਾਣਾ ਲਵਾਰਸ ਹਾਲਤ ਵਿਚ ਹੈ ਅਤੇ ਥਾਣੇ ਕੋਲ ਆਪਣੀ ਕੋਈ ਵੀ ਜਗ੍ਹਾ ਨਹੀਂ ਹੈ ਤੇ ਥਾਣਾ ਸਿਰਫ਼ ਪਿੰਡ ਦੀ ਸਹਿਮਤੀ ਨਾਲ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿਚ ਛੱਪੜ 'ਚ ਵਧੇਰੇ ਪਾਣੀ ਆਉਣ ਕਰਕੇ ਥਾਣੇ ਨਾਲ ਲੱਗਦਾ ਹੈ | ਜਿਸ ਕਰਕੇ ਥਾਣੇ ਦੀ ਇਮਾਰਤ ਦਾ ਨੁਕਸਾਨ ਕਰਨ ਦੇ ਨਾਲ ਕਈ ਜ਼ਹਿਰੀਲੇ ਕੀੜੇ ਥਾਣੇ ਅੰਦਰ ਦਾਖ਼ਲ ਵੀ ਹੋ ਜਾਂਦੇ ਹਨ | ਜਿਸ ਕਰਕੇ ਕਈ ਵਾਰ ਮੁਲਾਜ਼ਮ ਡਰ ਵੀ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਛੱਪੜ 'ਚ ਮਿੱਟੀ ਪੁਆ ਕੇ ਇਸ ਨੰੂ ਇਕ ਬਰਾਬਰ ਕੀਤਾ ਜਾਵੇ ਅਤੇ ਉਹ ਜਗ੍ਹਾ ਥਾਣੇ ਤੇ ਹੋਰ ਲੋਕਾਂ ਦੀ ਵਰਤੋਂ ਵਿਚ ਆ ਸਕਦੀ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਥਾਣਾ ਪੁਰਾਣਾ ਸ਼ਾਲਾ ਨੇੜੇ ਪੈਂਦੇ ਛੱਪੜ ਦੀ ਹਾਲਤ ਸੁਧਾਰਨ ਜਾਂ ਉਸ ਨੰੂ ਪੂਰਨ ਵਾਸਤੇ ਸਬੰਧਿਤ ਵਿਭਾਗ ਨੰੂ ਨਿਰਦੇਸ਼ ਜਾਰੀ ਕੀਤੇ ਜਾਣ | ਜਿਸ ਨਾਲ ਮੁਲਾਜ਼ਮ ਤੇ ਜਨਤਾ ਸੁੱਖ ਦਾ ਸਾਹ ਲੈ ਸਕੇ |