ਗੁਰਦਾਸਪੁਰ, 22 ਜੂਨ (ਅਸ਼ੋਕ ਸ਼ਰਮਾ)-ਪੰਜਾਬ ਨੈਸ਼ਨਲ ਬੈਂਕ ਵੱਲੋਂ ਇਸ ਸਾਲ ਦੇ ਗਲੋਬਲ ਥੀਮ 'ਇਕ ਧਰਤੀ, ਇਕ ਸਿਹਤ' ਦੇ ਅਨੁਸਾਰ ਆਪਣੇ ਮੁੱਖ ਦਫ਼ਤਰ, ਜ਼ੋਨਾਂ ਅਤੇ ਸਰਕਲ ਦਫ਼ਤਰਾਂ ਵਿਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ | ਇਸ ਪਹਿਲਕਦਮੀ ਰਾਹੀਂ ਬੈਂਕ ਨੇ ਕਰਮਚਾਰੀਆਂ ਦੀ ਸੰਪੂਰਨ ਸਿਹਤ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ | ਪੀ. ਐਨ. ਬੀ. ਪਰਿਵਾਰ ਦੇ ਮੈਂਬਰਾਂ ਨੇ ਸਵੇਰ ਦੇ ਯੋਗਾ ਸੈਸ਼ਨਾਂ ਵਿਚ ਸਰਗਰਮੀ ਨਾਲ ਹਿੱਸਾ ਲਿਆ | ਸਮਾਗਮ ਵਿਚ ਸੰਜੀਤ ਕੁਮਾਰ ਕੌਂਡਲ, ਸਰਕਲ ਮੁਖੀ, ਸ਼ਸ਼ਾਂਕ ਸ਼ੁਕਲਾ, ਮੁੱਖ ਪ੍ਰਬੰਧਕ ਅਤੇ ਪਠਾਨਕੋਟ ਸਰਕਲ ਦਫ਼ਤਰ ਦੇ ਹੋਰ ਸਟਾਫ਼ ਮੈਂਬਰ ਸ਼ਾਮਿਲ ਹੋਏ | ਇਸ ਮੌਕੇ ਸੰਜੀਤ ਕੁਮਾਰ ਕੌਂਡਲ ਨੇ ਕਿਹਾ ਕਿ 'ਯੋਗਾ ਸਿਰਫ਼ ਇਕ ਸਰੀਰਕ ਕਸਰਤ ਨਹੀਂ ਹੈ, ਇਹ ਇਕ ਸ਼ਾਨਦਾਰ ਅਨੁਸ਼ਾਸਨ ਹੈ ਜੋ ਮਨ, ਸਰੀਰ ਅਤੇ ਆਤਮਾ ਨੂੰ ਜੋੜਦਾ ਹੈ | ਇਹ ਅੰਦਰੂਨੀ ਸ਼ਾਂਤੀ ਅਤੇ ਭਾਵਨਾਤਮਕ ਸੰਤੁਲਨ ਪ੍ਰਦਾਨ ਕਰਦਾ ਹੈ, ਇਕ ਸਿਹਤਮੰਦ ਕਰਮਚਾਰੀ ਨਾ ਸਿਰਫ਼ ਆਪਣੇ ਲਈ ਸਗੋਂ ਸੰਗਠਨ ਦੀ ਤਰੱਕੀ ਲਈ ਬਹੁਤ ਮਹੱਤਵਪੂਰਨ ਹੈ | ਪ੍ਰੋਗਰਾਮ ਰਾਹੀਂ ਸਾਰਿਆਂ ਨੂੰ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਸ਼ਾਮਿਲ ਕਰਨ ਅਤੇ ਨਿੱਜੀ ਸਿਹਤ ਦੇ ਨਾਲ-ਨਾਲ ਵਾਤਾਵਰਨ ਅਤੇ ਸਮਾਜ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ ਗਿਆ |