ਗੁਰਦਾਸਪੁਰ, 22 ਜੂਨ (ਗੁਰਪ੍ਰਤਾਪ ਸਿੰਘ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਦਾ ਇਕ ਵਫ਼ਦ ਪਿੰਡ ਘੁਰਾਲੇ ਦੀ 80 ਏਕੜ ਜ਼ਮੀਨ 'ਤੇ ਅਰਬਨ ਅਸਟੇਟ ਕਾਲੋਨੀ ਬਣਾਉਣ ਲਈ ਅਖ਼ਬਾਰਾਂ ਚ ਦਿੱਤੇ ਨੋਟੀਫ਼ਿਕੇਸ਼ਨ ਦੇ ਵਿਰੁੱਧ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੂੰ ਮਿਲਿਆ | ਵਫ਼ਦ ਦੀ ਅਗਵਾਈ ਮੱਖਣ ਸਿੰਘ ਕੁਹਾੜ, ਗੁਰਵਿੰਦਰ ਸਿੰਘ ਜੀਵਨ ਚੱਕ, ਧਿਆਨ ਸਿੰਘ ਠਾਕੁਰ, ਗੁਰਦੀਪ ਸਿੰਘ ਮੁਸਤਫਾਬਾਦ, ਸੁਖਦੇਵ ਸਿੰਘ ਭਾਗੋਕਾਵਾਂ, ਬਰਿੰਦਰ ਸਿੰਘ ਸੋਨਾ ਸ਼ਾਹ, ਬਲਪ੍ਰੀਤ ਸਿੰਘ ਪਿ੍ੰਸ, ਅਮਰਜੀਤ ਕੌਰ, ਪਰਮਜੀਤ ਕੌਰ, ਰਘਬੀਰ ਸਿੰਘ ਚਾਹਲ ਅਤੇ ਅਜੀਤ ਸਿੰਘ ਹੁੰਦਲ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਇਸ ਸਮੇਂ 80 ਏਕੜ ਜ਼ਮੀਨ ਦੇ ਸਾਰੇ ਮਾਲਕ ਵੀ ਹਾਜ਼ਰ ਸਨ | ਆਗੂਆਂ ਨੇ ਕਿਸਾਨ ਮਾਲਕਾਂ ਦੇ ਦਸਤਖਤਾਂ ਹੇਠ ਇਕ ਮੰਗ ਪੱਤਰ ਰਮਨ ਬਹਿਲ ਨੂੰ ਸੌਂਪਿਆ ਜਿਸ ਵਿਚ ਅਪੀਲ ਕੀਤੀ ਗਈ ਕਿ ਪਿੰਡ ਘਰਾਲਾ ਦੇ ਜ਼ਮੀਨ ਮਾਲਕ ਇਹ ਜ਼ਮੀਨ ਅਰਬਨ ਸਟੇਟ ਕਾਲੋਨੀ ਉਸਾਰਨ ਲਈ ਬਿਲਕੁਲ ਨਹੀਂ ਦੇਣਾ ਚਾਹੁੰਦੇ | ਇਸ ਪਿੰਡ ਦੀ ਪਹਿਲਾਂ ਹੀ ਬਹੁਤ ਸਾਰੀ ਜ਼ਮੀਨ ਹਾਈਵੇ ਬਾਈਪਾਸ ਅਤੇ ਇੰਪਰੂਵਮੈਂਟ ਟਰੱਸਟ ਲਈ ਐਕਵਾਇਰ ਕੀਤੀ ਜਾ ਚੁੱਕੀ ਹੈ | ਆਗੂਆਂ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਕੀਮਤ 'ਤੇ ਇਸ ਪਿੰਡ ਨੂੰ ਉੱਜੜਨ ਨਹੀਂ ਦੇਣਗੇ ਅਤੇ ਉਸੇ ਤਰ੍ਹਾਂ ਸਾਂਝੀ ਲੜਾਈ ਲੜੀ ਜਾਵੇਗੀ ਜਿਸ ਤਰ੍ਹਾਂ ਗੋਪਾਲ ਨਗਰ ਦੇ ਪਲਾਟਾਂ ਦੀ ਮੁੜ ਪ੍ਰਾਪਤੀ ਲਈ ਲੜੀ ਗਈ ਸੀ | ਉਨ੍ਹਾਂ ਦੱਸਿਆ ਕਿ ਉਸ ਸਮੇਂ ਇਸ ਸੰਘਰਸ਼ ਵਿਚ ਰਮਨ ਬਹਿਲ ਵੀ ਬਕਾਇਦਾ ਉਨ੍ਹਾਂ ਦੇ ਨਾਲ ਸ਼ਾਮਿਲ ਸਨ | ਆਗੂਆਂ ਨੇ ਬੇਨਤੀ ਕੀਤੀ ਕਿ ਉਹ ਹੁਣ ਵੀ ਖ਼ੁਦ ਇਸ ਹੱਕੀ ਲੜਾਈ ਲਈ ਸਰਕਾਰੀ ਧੱਕੇ ਵਿਰੁੱਧ ਐਸ. ਕੇ. ਐਮ. ਦਾ ਸਾਥ ਦੇਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਕਥਨ ਨੂੰ ਲਾਗੂ ਕਰਵਾਉਣ ਕਿ ਕਿਸਾਨ ਦੀ ਮਰਜ਼ੀ ਦੇ ਬਗੈਰ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇਗੀ | ਆਗੂਆਂ ਨੇ ਦੱਸਿਆ ਕਿ ਚੇਅਰਮੈਨ ਰਮਨ ਬਹਿਲ ਵਲੋਂ ਇਹ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਹ ਇਸ ਨੋਟੀਫ਼ਿਕੇਸ਼ਨ ਨੂੰ ਹਰ ਹਾਲਤ ਵਿਚ ਰੱਦ ਕਰਵਾਉਣਗੇ | ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਜੀਤ ਸਿੰਘ ਸਿਧਵਾਂ ਜਮੀਤਾਂ, ਮਲਕੀਅਤ ਸਿੰਘ ਬੁੱਢਾਕੋਟ, ਗੁਰਦੇਵ ਸਿੰਘ ਰੌਣਕੀ, ਪਲਵਿੰਦਰ ਸਿੰਘ, ਬਰਿੰਦਰ ਸਿੰਘ ਲਾਡੀ, ਦਵਿੰਦਰ ਕੌਰ, ਕੰਵਰਪਾਲ ਸਿੰਘ ਮੰਪੀ, ਰਾਣਾ, ਹੀਰਾ ਅਤੇ ਜਗੀਰ ਸਿੰਘ ਆਦਿ ਵੀ ਹਾਜ਼ਰ ਸਨ |