ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
ਅਜੀਤ ਡੈਸਕ
23-06-2025
ਫਤਹਿਗੜ੍ਹ ਚੂੜੀਆਂ, 22 ਜੂਨ (ਅਵਤਾਰ ਸਿੰਘ ਰੰਧਾਵਾ)-ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਵਲੋਂ ਹਲਕਾ ਵਰਕਰਾਂ ਦੇ ਨਾਲ ਲੋਕ ਮਿਲਣੀ ਕੀਤੀ, ਜਿਸ ਵਿਚ ਉਨ੍ਹਾਂ ਨੇ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਯੋਗ ਮੁਸ਼ਕਿਲਾਂ ਦਾ ਹੱਲ ਮੌਕੇ 'ਤੇ ਹੀ ਕੀਤਾ ਗਿਆ | ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਪਾਰਟੀ ਦਾ ਅਕਸ ਖਰਾਬ ਕਰਨ ਲਈ ਵਿਰੋਧੀ ਤਰ੍ਹਾਂ-ਤਰ੍ਹਾਂ ਦੇ ਬਿਆਨ ਕਰ ਕੇ ਤਰਲੋਮੱਛੀ ਹੋ ਰਹੇ ਹਨ, ਜਿਨਾਂ ਦੇ ਕਿਸੇ ਵੀ ਤਰ੍ਹਾਂ ਸੁਪਨੇ ਸਕਾਰ ਨਹੀਂ ਹੋਣਗੇ | ਉਨ੍ਹਾਂ ਕਿਹਾ ਕਿ 2027 ਦਾ ਮਿਸ਼ਨ ਸਰ ਕਰਨ ਲਈ ਚਾਲੂ ਵਰੇ੍ਹ ਦੌਰਾਨ ਹਲਕੇ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਵਿਚ ਵੱਡਾ ਵਿਕਾਸ ਹੋਣ ਜਾ ਰਿਹਾ ਹੈ | ਉਨ੍ਹਾਂ ਪਿੰਡਾਂ ਦੇ ਅਹੁਦੇਦਾਰ, ਪੰਚਾਂ-ਸਰਪੰਚਾਂ ਤੇ ਨੰਬਰਦਾਰਾਂ ਨੂੰ ਕਿਹਾ ਕਿ ਆਧੁਨਿਕ ਤਰੀਕੇ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਸਿਰੇ ਚੜ੍ਹਾਉਣ ਲਈ ਹਰ ਇਕ ਵਰਗ ਦੇ ਲੋਕਾਂ ਨੂੰ ਭਰੋਸੇ ਵਿਚ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਵੱਡੇ ਬਜਟ ਦੇ ਨਾਲ ਸ਼ੁਰੂ ਕੀਤੇ ਕੰਮ ਕਾਜ ਨਿਰੰਤਰ ਚੱਲ ਰਹੇ ਹਨ, ਨੂੰ ਸਿਰੇ ਚੜ੍ਹਾਅ ਕੇ ਪਿੰਡਾਂ ਦੇ ਅਗਲੇ ਸਾਂਝੇ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਵਫਾਦਾਰੀ ਤੇ ਚੰਗੀ ਸੋਚ ਨਾਲ ਕੰਮ ਕਰ ਰਹੇ ਵਰਕਰ ਇਸ ਗੱਲ ਤੋਂ ਸੁਚੇਤ ਰਹਿਣ ਕਿ ਕੁਝ ਲੋਕ ਪਾਰਟੀ ਅੰਦਰ ਪਾਟੋਧਾੜ ਪੈਦਾ ਕਰਨ ਲਈ ਹੋਰਨਾਂ ਪਾਰਟੀਆਂ ਵਿਚੋਂ ਘੁਸਪੈਠ ਕਰ ਕੇ ਅੰਦਰ ਖਾਤੇ ਚਾਲਾਂ ਖੇਡ ਰਹੇ ਹਨ, ਦੀ ਘਟੀਆ ਕਾਰਗੁਜ਼ਾਰੀ ਤੋਂ ਸੁਚੇਤ ਰਹਿਣਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਅਸੀਂ ਜਗ੍ਹਾ-ਜਗ੍ਹਾ 'ਤੇ ਹੋਕਾ ਦੇ ਰਹੇ ਹਾਂ ਕਿ ਜੇਕਰ ਹਲਕੇ ਦਾ ਕੰਮ ਕਾਜ ਲੋਕਾਂ ਦੀ ਮਨਪਸੰਦ ਕੀਤਾ ਜਾਵੇਗਾ ਤਾਂ ਹੀ 27 ਦੀਆਂ ਵੋਟਾਂ ਮੰਗਣ ਆਵਾਂਗੇ | ਇਸ ਮੌਕੇ ਸਰਪੰਚ ਪਲਵਿੰਦਰ ਸਿੰਘ ਭਾਗੋਵਾਲ, ਸਰਪੰਚ ਸਰਬਜੀਤ ਸਿੰਘ, ਜਸਬੀਰ ਸਿੰਘ ਭਾਲੋਵਾਲੀ, ਸਰਪੰਚ ਗੁਰਬਿੰਦਰ ਸਿੰਘ ਕਾਦੀਆਂ, ਕਾਲਾ ਫੌਜੀ, ਰਾਜਦਵਿੰਦਰ ਸਿੰਘ ਮੰਜਿਆਂਵਾਲੀ, ਸੁਖਦੇਵ ਸਿੰਘ, ਸਰਪੰਚ ਹਰਪਾਲ ਸਿੰਘ, ਰਘਬੀਰ ਸਿੰਘ ਅਠਵਾਲ, ਗਗਨਦੀਪ ਸਿੰਘ ਕੋਟਲਾ ਬਾਮਾ, ਪੀ.ਏ. ਕਰਮਜੀਤ ਸਿੰਘ ਬਰਾੜ, ਮਨਜਿੰਦਰ ਸਿੰਘ ਪੀਏ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ, ਬਲਾਕ ਪ੍ਰਧਾਨ ਜਗਜੀਤ ਸਿੰਘ, ਸਰਪੰਚ ਸੁਰਜਨ ਸਿੰਘ, ਗੁਰਪ੍ਰਤਾਪ ਸਿੰਘ, ਲਖਵਿੰਦਰ ਸਿੰਘ, ਜਗਨੂਰ ਸਿੰਘ ਤੇ ਹੋਰ ਵੀ ਬਹੁਤ ਸਾਰੇ ਸੀਨੀਅਰ ਵਰਕਰ ਹਾਜ਼ਰ ਸਨ |