29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਚੇਅਰਮੈਨ ਰਮਨ ਬਹਿਲ ਨੇ ਇਕ ਵਾਰ ਫਿਰ ਆਰੀਆ ਨਗਰ ਦੇ ਜੰਜ ਘਰ ਦੀ ਲਈ ਸਾਰ

ਅਜੀਤ ਡੈਸਕ 23-06-2025
ਗੁਰਦਾਸਪੁਰ, 22 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੇ ਆਰੀਆ ਨਗਰ ਵਿਖੇ ਬਣੇ ਜੰਜ ਘਰ (ਧਰਮਸ਼ਾਲਾ) ਦੀ ਆਖ਼ਰ ਇਕ ਵਾਰ ਫਿਰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਸਾਰ ਲਈ ਹੈ | ਚੇਅਰਮੈਨ ਬਹਿਲ ਨੇ ਬੀਤੀ ਸ਼ਾਮ ਇਸ ਜੰਜ ਘਰ ਵਾਲੀ ਥਾਂ ਉੱਪਰ ਨਵੇਂ ਬਣਨ ਵਾਲੇ ਦੋ ਮੰਜ਼ਿਲਾ ਇਕ ਮਿੰਨੀ ਪੈਲੇਸ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਹੈ | ਇਸ ਮਿੰਨੀ ਪੈਲੇਸ ਦੀ ਉਸਾਰੀ ਉੱਪਰ ਰਾਜ ਸਰਕਾਰ ਵਲੋਂ 27 ਲੱਖ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਅਗਲੇ 3 ਮਹੀਨਿਆਂ ਵਿਚ ਇਹ ਮਿੰਨੀ ਪੈਲੇਸ ਬਣ ਕੇ ਤਿਆਰ ਹੋ ਜਾਵੇਗਾ | ਇੱਥੇ ਦੱਸਣਯੋਗ ਹੈ ਕਿ ਸੰਨ 2003 ਵਿਚ ਜਦੋਂ ਰਮਨ ਬਹਿਲ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਵਲੋਂ ਆਰੀਆ ਨਗਰ ਵਿਖੇ ਇਸ ਜੰਜ ਘਰ ਦਾ ਨੀਂਹ ਪੱਥਰ ਰੱਖ ਕੇ ਇਸ ਦੀ ਉਸਾਰੀ ਕਰਵਾਈ ਸੀ | ਇਸ ਤੋਂ ਬਾਅਦ ਸਮਾਂ ਬਦਲਣ ਅਤੇ ਸਮੇਂ ਅਨੁਸਾਰ ਲੋੜਾਂ ਬਦਲਣ ਕਾਰਨ ਆਰੀਆ ਨਗਰ ਦੇ ਲੋਕ ਪਿਛਲੇ ਇਕ ਦਹਾਕੇ ਤੋਂ ਮੰਗ ਕਰ ਰਹੇ ਸਨ ਕਿ ਇਸ ਜੰਜ ਘਰ ਨੂੰ ਵੱਡਾ ਬਣਾਇਆ ਜਾਵੇ | ਆਖ਼ਰ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਚੇਅਰਮੈਨ ਬਹਿਲ ਨੇ ਇਸ ਜੰਜ ਘਰ ਦੀ ਦਸ਼ਾ ਬਦਲਣ ਦਾ ਜ਼ਿੰਮਾ ਉਠਾਇਆ ਹੈ | ਮਿੰਨੀ ਪੈਲੇਸ ਦਾ ਨੀਂਹ ਪੱਥਰ ਰੱਖਦਿਆਂ ਚੇਅਰਮੈਨ ਬਹਿਲ ਨੇ ਕਿਹਾ ਕਿ ਇਹ ਮਿੰਨੀ ਪੈਲੇਸ ਸਮੇਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਬਣਾਇਆ ਜਾਵੇਗਾ ਅਤੇ ਆਰੀਆ ਨਗਰ ਦੇ ਲੋਕ ਆਪਣੇ ਵਿਆਹ ਅਤੇ ਹੋਰ ਸਮਾਗਮ ਇੱਥੇ ਹੀ ਕਰ ਸਕਣਗੇ | ਉਨ੍ਹਾਂ ਨੇ ਮਿੰਨੀ ਪੈਲੇਸ ਲਈ 27 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦੇਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ | ਚੇਅਰਮੈਨ ਬਹਿਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਲਈ ਲੋਕਾਂ ਦੇ ਮਸਲੇ ਕੋਈ ਅਹਿਮੀਅਤ ਨਹੀਂ ਰੱਖਦੇ, ਕਿਉਂਕਿ ਉਹ ਹਮੇਸ਼ਾ ਆਪਣੇ ਨਿੱਜੀ ਹਿਤ ਹੀ ਦੇਖਦੇ ਹਨ | ਉਨ੍ਹਾਂ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਵਿਚ ਅੜਿੱਕਾ ਨਾ ਬਣਨ ਨਹੀਂ ਤਾਂ ਲੋਕ ਉਨ੍ਹਾਂ ਦਾ ਸੂਪੜਾ ਸਾਫ਼ ਕਰ ਦੇਣਗੇ | ਇਸ ਦੌਰਾਨ ਆਰੀਆ ਨਗਰ ਦੇ ਵਸਨੀਕਾਂ ਨੇ ਚੇਅਰਮੈਨ ਬਹਿਲ ਦਾ ਧੰਨਵਾਦ ਕੀਤਾ | ਇਸ ਮੌਕੇ ਮਨਦੀਪ ਆਰੀਆ ਨਗਰ, ਸਾਬਕਾ ਕੌਂਸਲਰ ਰਾਜ ਕੁਮਾਰ, ਸਾਬਕਾ ਕੌਂਸਲਰ ਮੱਖਣ, ਪਰਮਜੀਤ ਪੰਮਾ, ਤਿਲਕ ਰਾਜ, ਨੌਜਵਾਨ ਸਭਾ ਆਰੀਆ ਨਗਰ ਦੇ ਸਮੂਹ ਮੈਂਬਰ, ਐਕਸੀਅਨ ਲੋਕ ਨਿਰਮਾਣ ਵਿਭਾਗ ਜਸਪ੍ਰੀਤ ਸਿੰਘ, ਐੱਸ.ਡੀ.ਓ ਲਵਜੀਤ ਸਿੰਘ, ਟਰੱਸਟੀ ਰਘੁਬੀਰ ਸਿੰਘ ਖ਼ਾਲਸਾ, ਟਰੱਸਟੀ ਹਿਤੇਸ਼ ਮਹਾਜਨ, ਕੌਂਸਲਰ ਬਲਵਿੰਦਰ ਸਿੰਘ, ਮੰਗਾ, ਸਾਬਕਾ ਚੇਅਰਮੈਨ ਨੀਰਜ ਸਲਹੋਤਰਾ, ਮਨਜੀਤ ਸਿੰਘ ਰਾਮਗੜ੍ਹੀਆ, ਕਰਮ ਸਿੰਘ ਸੈਣੀ, ਰਾਕੇਸ਼ ਸ਼ਰਮਾ, ਰੁਪੇਸ਼ ਬਿੱਟੂ ਅਤੇ ਸਰਤਾਜ ਸਮੇਤ ਹੋਰ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਸਾਬਕਾ ਸਰਪੰਚ ਮਾਤਾ ਰੁਪਿੰਦਰ ਕੌਰ ਨੰੂ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸੈਨਾ ਮੈਡਲ ਜੇਤੂ ਮੇਜਰ ਬਲਵਿੰਦਰ ਸਿੰਘ ਬਾਜਵਾ ਦਾ 25ਵਾਂ ਸ਼ਹੀਦੀ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।