ਕਾਦੀਆਂ, 21 ਸਤੰਬਰ (ਕੁਲਵਿੰਦਰ ਸਿੰਘ)-ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਦੁਨੀਆਂ ਭਰ ਵਿਚ ਆਪਸੀ ਭਾਈਚਾਰਕ ਸਾਂਝ, ਅਮਨ, ਸ਼ਾਂਤੀ ਤੇ ਮਾਨਵਤਾ ਦੀ ਭਲਾਈ ਤੇ ਸੇਵਾ ਦਾ ਸੰਦੇਸ਼ ਦੇਣ ਲਈ ਇਕ ਪੈਦਲ ਮਾਰਚ ਸਰਾਏ ਵਸੀਮ ਤੋਂ ਕੀਤਾ ਗਿਆ | ਇਸ ਪੈਦਲ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਮੌਲਾਨਾ ਨੂਰੁਦੀਨ ਨਾਸਿਰ ਸਦਰ ਅਮੂਮੀ ਵਲੋਂ ਦੁਆ ਕਰਵਾਈ ਗਈ | ਇਹ ਪੈਦਲ ਮਾਰਚ 'ਵਾਕ ਰਨ ਬਾਈਕ ਅਕਰੋਸ ਦਾ ਗਲੋਬ ਫੌਰ ਹਿਊਮੈਨਿਟੀ' ਦੇ ਤਹਿਤ ਕੱਢਿਆ ਗਿਆ | ਇਸ ਮੌਕੇ ਮੌਲਾਨਾ ਮੁਜਾਹਿਦ ਅਹਿਮਦ ਸ਼ਾਸਤਰੀ ਨੇ ਕਿਹਾ ਕਿ ਹਿਊਮੈਨਿਟੀ ਫਸਟ ਦੇ 30 ਸਾਲ ਪੂਰੇ ਹੋਣ 'ਤੇ ਜਿੱਥੇ ਦੁਨੀਆਂ ਭਰ ਦੇ 65 ਦੇਸ਼ਾਂ 'ਚ ਵੱਖ-ਵੱਖ ਸਮਾਗਮ ਕੀਤੇ ਜਾ ਰਹੇ ਹਨ, ਉਥੇ ਕਾਦੀਆਂ ਵਿਚ ਪੈਦਲ ਮਾਰਚ ਕੱਢਿਆ ਗਿਆ ਹੈ ਤਾਂ ਕਿ ਦੁਨੀਆਂ ਭਰ 'ਚ ਆਪਸੀ ਭਾਈਚਾਰੇ, ਅਮਨ, ਸ਼ਾਂਤੀ ਤੇ ਮਾਨਵਤਾ ਦੀ ਸੇਵਾ ਦਾ ਸੰਦੇਸ਼ ਪਹੁੰਚ ਸਕੇ | ਇਹ ਪੈਦਲ ਮਾਰਚ ਸਰਾਏ ਵਸੀਮ ਤੋਂ ਆਰੰਭ ਹੋ ਕੇ ਬਟਾਲਾ ਰੋਡ, ਬੱਸ ਸਟੈਂਡ, ਪ੍ਰਭਾਕਰ ਚੌਂਕ, ਬੁੱਟਰ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਨੂਰ ਹਸਪਤਾਲ ਆਦਿ ਸਥਾਨਾਂ ਤੋਂ ਹੁੰਦਾ ਇੱਥੇ ਆ ਕੇ ਦੇਰ ਸ਼ਾਮ ਸਮਾਪਤ ਹੋਇਆ | ਇਸ ਦੀ ਅਗਵਾਈ ਹਿਊਮੈਨਿਟੀ ਫਸਟ ਭਾਰਤ ਦੇ ਚੇਅਰਮੈਨ ਸਈਅਦ ਅਜ਼ੀਜ਼ ਅਹਿਮਦ ਵਲੋਂ ਕੀਤੀ ਗਈ | ਉਨ੍ਹਾਂ ਨਾਲ ਡਿਪਟੀ ਚੇਅਰਮੈਨ ਐੱਸ.ਐੱਮ. ਬਸ਼ੀਰੁਦੀਨ, ਜਨਰਲ ਸਕੱਤਰ ਨਵੀਦ ਫਜ਼ਲ, ਆਡੀਟਰ ਨਕੀਬ ਮੁਬਸ਼ਰ ਅਹਿਮਦ, ਮੈਂਬਰ ਸਈਅਦ ਇਜਾਜ਼ ਅਹਿਮਦ, ਅਸਦ ਫ਼ਰਹਾਨ ਅਹਿਮਦ ਆਦਿ ਹਾਜ਼ਰ ਸਨ | ਸ਼ਹਿਰ ਵਾਸੀਆਂ ਵਲੋਂ ਇਸ ਪੈਦਲ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ, ਉੱਘੇ ਸਮਾਜ ਸੇਵੀ ਅਸ਼ਵਨੀ ਵਰਮਾ ਵਲੋਂ ਫੁੱਲਾਂ ਦੇ ਹਾਰ ਪਾ ਕੇ ਅਗਵਾਈ ਕਰ ਰਹੇ ਪ੍ਰਮੁੱਖ ਅਹੁਦੇਦਾਰਾਂ ਦਾ ਸਵਾਗਤ ਕੀਤਾ |