ਡੇਰਾ ਬਾਬਾ ਨਾਨਕ, 21 ਸਤੰਬਰ (ਹੀਰਾ ਸਿੰਘ ਮਾਂਗਟ)-ਬੀਤੇ ਦਿਨੀਂ ਰਾਵੀ ਦਰਿਆ ਵਿਚ ਆਏ ਭਾਰੀ ਹੜ੍ਹ ਨਾਲ ਜਿੱਥੇ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਪੱਖੋਕੇ ਟਾਹਲੀ ਸਾਹਿਬ ਤੋਂ ਧੁੱਸੀਂ ਬੰਨ ਟੁੱਟ ਗਿਆ ਸੀ, ਜਿਸ ਨਾਲ ਸਰਹੱਦੀ ਇਲਾਕੇ ਦੇ ਕਈ ਪਿੰਡ ਪ੍ਰਭਾਵਿਤ ਹੋਏ ਸਨ | ਇਸ ਬੰਨ ਟੁੱਟਣ ਨਾਲ ਜਿੱਥੇ ਲੋਕਾਂ ਦੇ ਘਰਾਂ, ਮਾਲ ਡੰਗਰ ਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ, ਉੱਥੇ ਹੀ ਇਸ ਬੰਨ ਟੁੱਟਣ ਨਾਲ ਕਿਸਾਨਾਂ ਦੀ ਕਈ ਏਕੜ ਜ਼ਮੀਨ 'ਚ 4 ਤੋਂ 5 ਫੁੱਟ ਰੇਤਾ ਭਰ ਗਿਆ ਸੀ | ਇਸ ਧੁੱਸੀ ਬੰਨ ਦੇ ਪਾੜ ਨੂੰ ਪੂਰਨ ਤੇ ਕਿਸਾਨਾਂ ਦੀਆਂ ਜ਼ਮੀਨਾਂ ਤੋਂ ਰੇਤਾ ਚੁੱਕਣ ਲਈ ਵੱਡੀ ਗਿਣਤੀ ਵਿਚ ਲੋਕ ਟਰੈਕਟਰਾਂ ਨਾਲ ਪਹੁੰਚ ਚੁੱਕੇ ਹਨ, ਜਿਨਾਂ ਵਲੋਂ ਕਿਸਾਨਾਂ ਦੀਆਂ ਪੈਲੀਆਂ 'ਚੋਂ ਰੇਤਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸਬੰਧੀ ਪਿੰਡ ਪੱਖੋਕੇ ਦੇ ਕਿਸਾਨ ਦਰਸ਼ਨ ਸਿੰਘ ਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਸ ਡੁੰਮ ਨੂੰ ਪੂਰਨ ਲਈ ਜੰਗੀ ਪੱਧਰ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਵੱਡੀ ਤਾਦਾਦ ਸੰਗਤਾਂ ਪਹੁੰਚ ਕੇ ਜਿੱਥੇ ਆਪਣੇ ਟਰੈਕਟਰਾਂ ਨਾਲ ਸੇਵਾ ਨਿਭਾਅ ਰਹੀਆਂ ਹਨ, ਉੱਥੇ ਹੀ ਵੱਖ-ਵੱਖ ਸੰਸਥਾਵਾਂ ਵਲੋਂ ਦੀ ਇਨ੍ਹਾਂ ਕਿਸਾਨਾਂ ਦੀ ਮਦਦ ਲਈ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਸ੍ਰੀ ਹਜੂਰ ਸਾਹਿਬ ਤੋਂ ਆਏ ਹਰਦੇਵ ਸਿੰਘ ਬੁੱਟਰ ਤੇ ਹਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਜਥੇਦਾਰ ਬਾਬਾ ਕੁਲਵੰਤ ਸਿੰਘ ਗੁਰਦੁਆਰਾ ਲੰਗਰ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਦੇ ਯਤਨਾਂ ਸਦਕਾ ਉਹ ਸੇਵਾ ਲੈ ਕੇ ਡੇਰਾ ਬਾਬਾ ਨਾਨਕ ਪੁੱਜੇ ਹਨ | ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀਆਂ ਸੰਗਤਾਂ ਵਲੋਂ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੀ ਬੰਨ ਦੀ ਸੇਵਾ ਵਾਸਤੇ 1300 ਲੀਟਰ ਡੀਜ਼ਲ ਦੀ ਸੇਵਾ ਲਈ ਇਕ ਲੱਖ 13 ਹਜ਼ਾਰ ਰੁਪਏ ਦੀ ਰਾਸ਼ੀ ਭੇਜੀ ਹੈ | ਇਸ ਮੌਕੇ ਸੁਖਵਿੰਦਰ ਸਿੰਘ ਹੁੰਦਲ, ਇੰਦਰਜੀਤ ਸਿੰਘ, ਗੁਰਬੀਰ ਸਿੰਘ, ਸਤਨਾਮ ਸਿੰਘ ਤੇ ਕਰਨ ਸਿੰਘ ਸ਼ਾਹ ਸਮੇਤ ਸ੍ਰੀ ਹਜੂਰ ਸਾਹਿਬ ਤੋਂ ਆਈਆਂ ਹੋਰ ਵੀ ਸੰਗਤਾਂ ਹਾਜ਼ਰ ਸਨ |