ਗੁਰਦਾਸਪੁਰ, 21 ਸਤੰਬਰ (ਅਸ਼ੋਕ ਸ਼ਰਮਾ)-ਸੀਨੀਅਰ ਆਗੂ ਤੇ ਕਿਸਾਨ ਗੁਰਦੀਪ ਸਿੰਘ ਨਾਜੋਵਾਲ ਵਲੋਂ ਬੇਟ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੰਡੋਰੀ ਮਹੰਤਾਂ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਤੇ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਮਾਣਿਤ ਤੇ ਸਿਫ਼ਾਰਸ਼ ਝੋਨੇ ਦੀ ਕਿਸਮ ਪੀ.ਆਰ 131 ਨੰੂ ਬਿਮਾਰੀ ਲੱਗਣ ਨਾਲ ਕਿਸਾਨ ਕਾਫ਼ੀ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਹੜ੍ਹਾਂ ਦੀ ਤਬਾਹੀ ਨਾਲ ਫ਼ਸਲਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਹੈ | ਦੂਜੇ ਪਾਸੇ ਬੇਟ ਇਲਾਕੇ ਤੇ ਗੁਰਦਾਸਪੁਰ ਦੇ ਨਜ਼ਦੀਕ ਪੈਂਦੇ ਪਿੰਡਾਂ ਵਿਚ 500 ਏਕੜ ਤੋਂ ਵੀ ਵੱਧ 131 ਪੀ.ਆਰ ਝੋਨੇ ਦੀ ਫ਼ਸਲ ਨੰੂ ਬਿਮਾਰੀ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ | ਜਿਸ ਕਰਕੇ ਕਿਸਾਨ ਪੀ.ਆਰ 131 ਵਾਹੁਣ ਲਈ ਮਜਬੂਰ ਹਨ | ਉਨ੍ਹਾਂ ਦੱਸਿਆ ਕਿ ਪੀ.ਆਰ 131 ਮਧਰੇਪਣ ਤੇ ਮਿੰਜਰਾਂ ਦੀ ਬਿਮਾਰੀ ਨੇ ਕਿਸਾਨਾਂ ਨੰੂ ਵਿੱਤੀ ਤੌਰ 'ਤੇ ਤਬਾਹ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੀ.ਆਰ 131 ਯੂਨੀਵਰਸਿਟੀ ਦੀ ਪ੍ਰਮਾਣਿਤ ਕਿਸਮ ਸੀ ਅਤੇ ਖੇਤੀਬਾੜੀ ਅਧਿਕਾਰੀਆਂ ਤੇ ਸਰਕਾਰ ਵਲੋਂ ਇਸ ਦੀ ਬਿਜਾਈ ਕਰਨ 'ਤੇ ਜ਼ੋਰ ਦਿੱਤਾ ਸੀ | ਪਰ ਹੁਣ ਅਧਿਕਾਰੀ ਤੇ ਸਰਕਾਰ ਦੇ ਨੁਮਾਇੰਦੇ ਕਿਸਾਨਾਂ ਦੀ ਬਾਂਹ ਫੜਨ ਨੰੂ ਤਿਆਰ ਨਹੀਂ ਹਨ | ਇਹ ਮਾਮਲਾ ਖੇਤੀਬਾੜੀ ਅਫ਼ਸਰਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਤੇ ਉਹ ਵੀ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ | ਜਿਸ ਕਰਕੇ ਕਿਸਾਨ ਇਨ੍ਹਾਂ ਖ਼ਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਉਸ 'ਤੇ ਪੂਰੀ ਤਰ੍ਹਾਂ ਖਰਾ ਨਹੀਂ ਉੱਤਰੇ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਜਿਨ੍ਹਾਂ ਕਿਸਾਨਾਂ ਦੀ ਪੀ.ਆਰ 131 ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੰੂ ਬਣਦਾ ਮੁਆਵਜ਼ਾ ਦਿੱਤੇ ਜਾਵੇ |