ਪਠਾਨਕੋਟ, 16 ਅਕਤੂਬਰ (ਸੰਧੂ)-ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਿਆ ਦੀ ਪਿ੍ੰਸੀਪਲ ਡਾ: ਗੁਰਮੀਤ ਕੌਰ ਨੂੰ ਅਕਾਦਮਿਕ ਉੱਤਮਤਾ ਲਈ ਸਰਵੋਤਮ ਪਿ੍ੰਸੀਪਲ ਪੁਰਸਕਾਰ, ਔਰਤਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੰਸਥਾਗਤ ਪੁਰਸਕਾਰ ਤੇ ਜ਼ਿਲ੍ਹਾ ਪੱਧਰੀ ਸਭ ਤੋਂ ਵੱਧ ਪ੍ਰਗਤੀਸ਼ੀਲ ਸੰਸਥਾ 2025 ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਡਾ: ਸ਼ਵੇਤਾ ਠਾਕੁਰ ਨੂੰ ਪਹਿਲੇ ਰਾਸ਼ਟਰੀ ਪ੍ਰਾਪਤੀ ਪੁਰਸਕਾਰ 2025 ਦੇ ਤਹਿਤ ਸਾਲ ਦਾ ਸਰਵੋਤਮ ਖੋਜ-ਕਰਤਾ (ਫੈਕਲਟੀ) ਪੁਰਸਕਾਰ ਪ੍ਰਾਪਤ ਹੋਇਆ | ਇਹ ਸਮਾਗਮ ਸੀ.ਟੀ. ਯੂਨੀਵਰਸਿਟੀ ਲੁਧਿਆਣਾ ਵਿਖੇ ਸਫਲਤਾ ਪੂਰਵਕ ਆਯੋਜਿਤ ਕੀਤਾ ਗਿਆ | ਜਿਸ ਵਿਚ ਖੇਤਰ ਭਰ ਦੇ 45 ਸੰਸਥਾਵਾਂ ਨੇ ਹਿੱਸਾ ਲਿਆ | ਸਮਾਗਮ ਵਿਚ ਸੀ.ਟੀ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸੀ.ਈ.ਓ. ਸਮਰੱਥ ਸ਼ਰਮਾ ਨੇ ਸ਼ਿਰਕਤ ਕੀਤੀ | ਮੁੱਖ ਮਹਿਮਾਨ ਜਗਰਾਉਂ ਵਿਧਾਨ ਸਭਾ ਦੀ ਮੈਂਬਰ ਸਰਬਜੀਤ ਕੌਰ ਮਾਣੂਕੇ ਨੇ ਇਸ ਮੌਕੇ ਸ਼ਿਰਕਤ ਕੀਤੀ ਤੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਉੱਤਮਤਾ ਲਈ ਵਧਾਈ ਦਿੱਤੀ | ਸਮਰੱਥ ਸ਼ਰਮਾ ਨੇ ਭਾਗ ਲੈਣ ਵਾਲੀਆਂ ਸੰਸਥਾਵਾਂ, ਪਿ੍ੰਸੀਪਲਾਂ ਤੇ ਚਾਂਸਲਰਾਂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ |