ਘੁਮਾਣ, 16 ਅਕਤੂਬਰ (ਬੰਮਰਾਹ, ਬਾਵਾ)-ਘੁਮਾਣ ਪੁਲਿਸ ਵਲੋਂ ਜੰਗਲਾਤ ਵਿਭਾਗ ਦੇ ਦਰੱਖਤ ਕੱਟ ਕੇ ਚੋਰੀ ਕਰਨ ਵਾਲੇ 2 ਲੋਕਾਂ ਨੂੰ ਲੱਕੜਾਂ ਨਾਲ ਭਰੀ ਟਰੈਕਟਰ-ਟਰਾਲੀ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਘੁਮਾਣ ਦੇ ਐੱਸ.ਐੱਚ.ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਤਰਨਜੀਤ ਸਿੰਘ ਜੰਗਲਾਤ ਵਿਭਾਗ ਦੇ ਵਣ ਗਾਰਡ ਨੇ ਥਾਣਾ ਘੁਮਾਣ ਵਿਚ ਬਿਆਨ ਦਰਜ ਕਰਵਾਏ ਕਿ ਉਹ ਰੇਂਜ ਕਾਦੀਆਂ ਵਿਖੇ ਤਾਇਨਾਤ ਹੈ ਤੇ ਉਸ ਕੋਲ ਬੀਟ ਅਠਵਾਲ ਦਾ ਵੀ ਚਾਰਜ ਹੈ, ਜਿਸ ਵਿਚ ਵੱਖ-ਵੱਖ ਸਟਿ੍ਪਾਂ ਦਾ ਚਾਰਜ ਉਸ ਕੋਲ ਹੈ, ਜਦੋਂ ਉਹ ਆਪਣੇ ਸਾਥੀ ਕਰਮਚਾਰੀਆਂ ਨਾਲ ਗਸ਼ਤ ਕਰ ਰਹੇ ਸਨ ਤਾਂ ਐੱਸ.ਬੀ.ਸੀ. ਕਨਾਲ ਪਿੰਡ ਬੋਲੇਵਾਲ ਪੁਲ ਨੇੜੇ ਕੁਝ ਅਣਪਛਾਤੇ ਵਿਅਕਤੀ ਇਕ ਮਹਿੰਦਰਾ ਅਰਜਨ ਟਰੈਕਟਰ ਸਮੇਤ ਟਰਾਲੀ ਜਿਸ ਵਿਚ 4 ਵਿਅਕਤੀ ਸਵਾਰ ਸਨ ਤੇ ਜੰਗਲਾਤ ਵਿਭਾਗ ਵਲੋਂ ਲਗਾਏ ਗਏ ਰੁੱਖਾਂ ਦੀ ਕਟਾਈ ਕਰਕੇ ਲੱਕੜਾਂ ਟਰਾਲੀ ਵਿਚ ਲੱਦ ਕੇ ਆ ਰਹੇ ਸਨ, ਜਿਨ੍ਹਾਂ ਦਾ ਅਸੀਂ ਪਿੱਛਾ ਕੀਤਾ ਤੇ ਟਰੈਕਟਰ 'ਤੇ ਸਵਾਰ 4 ਵਿਅਕਤੀਆਂ ਵਿਚੋਂ 2 ਫ਼ਰਾਰ ਹੋ ਗਏ | ਟਰੈਕਟਰ ਚਾਲਕ ਅਤੇ ਉਸ ਦੇ ਸਾਥੀ ਨੂੰ ਕਾਬੂ ਕਰਨ ਉਪਰੰਤ ਉਸ ਨੇ ਆਪਣੀ ਪਹਿਚਾਣ ਤਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਚੌਧਰੀਵਾਲ ਤੇ ਦੂਸਰੇ ਨੇ ਪਵਨ ਕੁਮਾਰ ਪੁੱਤਰ ਕੁਲਦੀਪ ਸਿੰਘ ਵਾਸੀ ਹਸਨਪੁਰਾ ਦੱਸੀ | ਇਸ ਦੌਰਾਨ ਫ਼ਰਾਰ ਹੋਣ ਵਾਲੇ 2 ਵਿਅਕਤੀਆਂ ਵਿਚ ਗੁਰਦੇਵ ਸਿੰਘ ਉਰਫ਼ ਦੇਬਾ ਪੁੱਤਰ ਜਰਨੈਲ ਸਿੰਘ ਵਾਸੀ ਚੌਧਰੀਵਾਲ ਅਤੇ ਸੋਢੀ ਪੁੱਤਰ ਪ੍ਰਤਾਪ ਸਿੰਘ ਵਾਸੀ ਘੋਨੇਵਾਲ ਹਨ | ਉਨ੍ਹਾਂ ਆਪਣੇ ਬਿਆਨਾਂ ਵਿਚ ਦੱਸਿਆ ਕਿ ਇਨ੍ਹਾਂ ਪਹਿਲਾਂ ਵੀ ਵੱਖ-ਵੱਖ ਤਰੀਕਾਂ ਨੂੰ ਰੁੱਖ ਕੱਟ ਕੇ ਲੱਕੜਾਂ ਚੋਰੀ ਕੀਤੀਆਂ ਹਨ | ਥਾਣਾ ਮੁਖੀ ਨੇ ਦੱਸਿਆ ਕਿ ਵਣ ਵਿਭਾਗ ਦੇ ਗਾਰਡ ਦੇ ਬਿਆਨਾਂ 'ਤੇ ਤਰਨਜੀਤ ਸਿੰਘ, ਪਵਨ ਕੁਮਾਰ, ਗੁਰਦੇਵ ਸਿੰਘ ਤੇ ਸੋਡੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮਹਿੰਦਰਾ ਅਰਜਨ ਟਰੈਕਟਰ ਸਮੇਤ ਟਰਾਲੀ ਅਤੇ ਚੋਰੀ ਕੀਤੀਆਂ ਲੱਕੜਾਂ ਵੀ ਕਬਜ਼ੇ ਵਿਚ ਲੈ ਲਈਆਂ ਗਈਆਂ ਹਨ |