ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਸਥਾਨਕ ਹਜ਼ੀਰਾ ਪਾਰਕ ਨਜ਼ਦੀਕ ਇਕ ਆਟੋ ਚਾਲਕ ਵਲੋਂ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਆਟੋ ਵਿਚ ਬਿਠਾ ਕੇ ਲਿਜਾਉਣ 'ਤੇ ਬਟਾਲਾ ਟਰੈਫਿਕ ਪੁਲਿਸ ਨੇ ਆਟੋ ਜਬਤ ਕਰ ਕੇ ਚਾਲਕ ਦਾ ਚਲਾਨ ਕੀਤਾ ਹੈ | ਟ੍ਰੈਫਿਕ ਇੰਸਪੈਕਟਰ ਸੁਰਿੰਦਰ ਸਿੰਘ ਗੋਰਾਇਆ ਤੇ ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲਾਂ-ਕਾਲਜਾਂ ਦੇ ਬਾਹਰ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਨਾਕਾ ਲਗਾਇਆ ਹੋਇਆ ਸੀ ਤਾਂ ਇਕ ਆਟੋ ਚਾਲਕ ਨੇ ਆਟੋ ਵਿਚ ਵੱਡੀ ਗਿਣਤੀ 'ਚ ਬੱਚਿਆਂ ਨੂੰ ਬਿਠਾਇਆ ਹੋਇਆ ਸੀ, ਜਦ ਉਸ ਨੂੰ ਰੋਕਿਆ ਤਾਂ ਉਸ ਨੇ ਆਟੋ ਭਜਾ ਲਿਆ | ਉਨ੍ਹਾਂ ਕਿਹਾ ਕਿ ਇਸ ਸਮੇਂ ਭਾਵੇਂ ਆਟੋ ਓਵਰਲੋਡ ਸੀ, ਤੇਜ਼ ਰਫ਼ਤਾਰ ਹੋਣ 'ਤੇ ਬੱਚਿਆਂ ਦਾ ਨੁਕਸਾਨ ਵੀ ਹੋ ਸਕਦਾ ਸੀ | ਉਨ੍ਹਾਂ ਕਿਹਾ ਕਿ ਪੁਲਿਸ ਨੇ ਪਿੱਛਾ ਕਰਕੇ ਆਟੋ ਨੂੰ ਕਬਜ਼ੇ 'ਚ ਲੈ ਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਤੇ ਬੱਚਿਆਂ ਨੂੰ ਹੋਰ ਕਿਸੇ ਵਾਹਨ 'ਤੇ ਉਨ੍ਹਾਂ ਦੇ ਘਰ ਭੇਜਿਆ | ਉਨ੍ਹਾਂ ਦੱਸਿਆ ਕਿ ਬਟਾਲਾ ਦੇ ਲੋਕਾਂ ਨੇ ਐੱਸ.ਐੱਸ.ਪੀ. ਬਟਾਲਾ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਕੂਲਾਂ-ਕਾਲਜਾਂ ਦੇ ਬਾਹਰ ਸ਼ਰਾਰਤੀ ਅਨਸਰ ਘੁੰਮਦੇ ਰਹਿੰਦੇ ਹਨ, ਉਨ੍ਹਾਂ ਨੂੰ ਠੱਲ੍ਹ ਪਾਉਣ ਲਈ ਹੀ ਨਾਕਾਬੰਦੀ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਹਦਾਇਤਾਂ ਹਨ ਕਿ ਕੋਈ ਵੀ ਵਿਅਕਤੀ ਮੂੰਹ ਢੱਕ ਕੇ ਵਾਹਨ ਨਾ ਚਲਾਵੇ | ਗਲਤੀ ਕਰਨ ਵਾਲੇ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ |