ਡੇਰਾ ਬਾਬਾ ਨਾਨਕ, 16 ਅਕਤੂਬਰ (ਵਿਜੇ ਸ਼ਰਮਾ)-ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਆਏ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਸਮਾਜ ਸੇਵੀ ਜਥੇਬੰਦੀਆਂ ਤੇ ਕਾਰਸੇਵਾ ਸੰਸਥਾਵਾਂ ਵਲੋਂ ਰਾਹਤ ਸਮੱਗਰੀ ਭੇਟ ਕੀਤੇ ਜਾਣ ਦਾ ਸਿਲਸਲਾ ਜਾਰੀ ਹੈ | ਇਸੇ ਲੜੀ ਤਹਿਤ ਅੱਜ ਪਿੰਡ ਵੈਰੋਕੇ ਦੇ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਭਾਗ ਸਿੰਘ ਨਿਰਮਲ ਕੁਟੀਆ ਬੰਗਿਆਂ ਵਾਲਿਆਂ ਵਲੋਂ ਨਾਨਕ ਆਈ ਫਾਊਾਡੇਸ਼ਨ ਦੇ ਸਰਪ੍ਰਸਤ ਰੁਪਿੰਦਰ ਸਿੰਘ ਸ਼ਾਮਪੁਰਾ ਦੀ ਅਗਵਾਈ 'ਚ ਪਿੰਡ ਵੈਰੋਕੇ, ਨੰਗਲ ਸੋਹਲ ਤੇ ਰੱਤੜ-ਛੱਤੜ ਦੇ 500 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਭੇਟ ਕੀਤੀ ਗਈ | ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਰਜਿੰਦਰ ਸਿੰਘ ਵੈਰੋਕੇ ਵੀ ਹਾਜ਼ਰ ਸਨ | ਇਕ ਗੱਲਬਾਤ ਦੌਰਾਨ ਸੰਤ ਬਾਬਾ ਭਾਗ ਸਿੰਘ ਨੇ ਕਿਹਾ ਕਿ ਰਾਵੀ ਦਰਿਆ ਅੰਦਰ ਆਏ ਹੜ੍ਹ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ, ਪਰ ਅਜਿਹੇ ਪਰਿਵਾਰਾਂ ਦੀ ਸਹਾਇਤਾ ਕਰ ਕੇ ਉਨ੍ਹਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਜ੍ਰਰੂਰ ਲਗਾਈ ਜਾ ਸਕਦੀ ਹੈ | ਸਾਬਕਾ ਸਰਪੰਚ ਰਜਿੰਦਰ ਸਿੰਘ ਵੈਰੋਕੇ ਨੇ ਸੰਤ ਬਾਬਾ ਭਾਗ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਮੁਸ਼ਕਿਲ ਘੜੀ 'ਚ ਉਨ੍ਹਾਂ ਦੀ ਸੰਸਥਾ ਨੇ ਲੋੜਵੰਦ ਪਰਿਵਾਰਾਂ ਦੀ ਬਾਂਹ ਫੜ੍ਹੀ ਹੈ | ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਰੁਪਿੰਦਰ ਸਿੰਘ ਸ਼ਾਮਪੁਰਾ, ਬਲਵਿੰਦਰ ਸਿੰਘ ਬਟਾਲਾ, ਨਵਜੋਤ ਸਿੰਘ ਰੱਤੜ-ਛੱਤੜ, ਸਿਕੰਦਰ ਸਿੰਘ ਸਰਪੰਚ, ਗੁਰਪਿੰਦਰ ਸਿੰਘ ਸ਼ਾਹ ਜੀ, ਮਨਬੀਰ ਸਿੰਘ ਰੰਧਾਵਾ, ਜਰਨੈਲ ਸਿੰਘ ਇੰਗਲੈਂਡ, ਮਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ ਰੰਧਾਵਾ, ਕਿਰਪਾਲ ਸਿੰਘ ਮਨਜੀਤ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ |