ਬਮਿਆਲ, 22 ਅਕਤੂਬਰ (ਰਕੇਸ਼ ਸ਼ਰਮਾ)-ਜ਼ਿਲ੍ਹੇ ਦੇ ਸਰਹੱਦੀ ਖੇਤਰ 'ਚ ਸਥਿਤ ਸਿੰਬਲ ਸਕੋਲ ਪਿੰਡ ਦੇ ਜੰਗਲੀ ਖੇਤਰ 'ਚ ਘੁੰਮ ਰਹੇ ਇਕ ਨੌਜਵਾਨ ਨੂੰ ਬੀ.ਐਸ.ਐਫ. ਵਲੋਂ ਕਾਬੂ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ | ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ | ਪੁੱਛਗਿੱਛ ਦੌਰਾਨ ਨੌਜਵਾਨ ਦੀ ਪਹਿਚਾਣ ਅਸ਼ੋਕ ਕੁਮਾਰ ਪੁੱਤਰ ਰਮੇਸ਼ ਕੁਮਾਰ ਵਜੋਂ ਹੋਈ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਬੈਜਨਾਥ ਥਾਣਾ ਦੇ ਅਵੇਰਈ ਪਿੰਡ ਦਾ ਰਹਿਣ ਵਾਲਾ ਹੈ | ਦੋਸ਼ੀ ਤੋਂ ਕੱੁਝ ਵੀ ਸ਼ੱਕੀ ਨਹੀਂ ਮਿਲਿਆ | ਸਿੰਬਲ ਸਕੋਲ ਪਿੰਡ ਦੇ ਸਰਪੰਚ ਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਕ ਨੌਜਵਾਨ ਸ਼ੱਕੀ ਹਲਾਤਾਂ ਵਿਚ ਪਿੰਡ ਦੇ ਨੇੜੇ ਜੰਗਲੀ ਖੇਤਰ ਵਿਚ ਦਾਖਲ ਹੋਇਆ ਹੈ | ਫਿਰ ਉਨ੍ਹਾਂ ਨੇ ਬੀ.ਐਸ.ਐਫ. ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਸੈਨਿਕਾਂ ਨੇ ਉਸ ਨੂੰ ਫੜ ਲਿਆ | ਸਰਪੰਚ ਨੇ ਦੱਸਿਆ ਕਿ ਨੌਜਵਾਨ ਇਕ ਗੁੱਜਰ ਪਰਿਵਾਰ ਦੇ ਕੁਝ ਮੈਂਬਰਾਂ ਨਾਲ ਝੋਨੇ ਦੀ ਪਰਾਲੀ ਇਕੱਠੀ ਕਰਨ ਲਈ ਇਲਾਕੇ ਵਿਚ ਆਇਆ ਸੀ | ਉਹ ਇਕ ਗੁੱਜਰ ਪਰਿਵਾਰ ਲਈ ਕੰਮ ਕਰਦਾ ਹੈ | ਮਾਮਲੇ ਬਾਰੇ ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਕੁਲਦੀਪ ਰਾਜ ਨੇ ਦੱਸਿਆ ਕਿ ਨੌਜਵਾਨ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ | ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ | ਉਸ ਦੇ ਪਰਿਵਾਰ ਨਾਲ ਉਸ ਵਲੋਂ ਦਿੱਤੇ ਪਤੇ 'ਤੇ ਸੰਪਰਕ ਕੀਤਾ ਜਾ ਰਿਹਾ ਹੈ | ਫ਼ਿਲਹਾਲ ਕੋਈ ਵੀ ਉਪਲੱਬਧ ਨਹੀਂ ਹੈ | ਸ਼ੱਕੀ ਗਤੀਵਿਧੀ ਦਾ ਕੋਈ ਸ਼ੱਕ ਨਹੀਂ ਹੈ, ਫਿਰ ਵੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ |