ਕਾਹਨੂੰਵਾਨ/ਭੈਣੀ ਮੀਆਂ ਖਾਂ, 22 ਅਕਤੂਬਰ (ਜਸਪਾਲ ਸਿੰਘ ਸੰਧੂ, ਜਸਬੀਰ ਸਿੰਘ ਬਾਜਵਾ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਵੜੈਚ ਵਿਚ ਬੀਤੀ ਰਾਤ ਭੇਦਭਰੀ ਹਾਲਤ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਇਸ ਸਬੰਧ ਵਿਚ ਮਿ੍ਤਕ ਦੇ ਭਰਾ ਸਾਬੀ ਨੇ ਕਿਹਾ ਕਿ ਉਸ ਦੇ ਵੱਡੇ ਭਰਾ ਰਾਜਾ ਮਸੀਹ (40) ਪੁੱਤਰ ਬਿੱਟੂ ਮਸੀਹ ਦਾ ਬੀਤੀ ਰਾਤ ਸੁੱਤੇ ਸਮੇਂ ਮੌਤ ਹੋ ਗਈ ਹੈ | ਮਿ੍ਤਕ ਦੇ ਪਰਿਵਾਰ ਨੇ ਕਥਿਤ ਤੌਰ 'ਤੇ ਦਾਅਵਾ ਕੀਤਾ ਕਿ ਰਾਜਾ ਮਸੀਹ ਨੂੰ ਪਿੰਡ ਦੇ ਕੁਝ ਵਿਅਕਤੀਆਂ ਨੇ ਕਤਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਦੀਵਾਲੀ ਦਾ ਤਿਉਹਾਰ ਹੋਣ ਕਰਕੇ ਰਾਜਾ ਮਸੀਹ ਤੇ ਪਿੰਡ ਦੇ ਹੋਰ ਨੌਜਵਾਨ ਰਲ ਕੇ ਤਿਉਹਾਰ ਮਨਾ ਰਹੇ ਸਨ | ਇਸ ਦੌਰਾਨ ਉਸ ਦੀ ਪਿੰਡ ਦੇ ਦੂਸਰੇ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਸੱਟਾਂ ਲੱਗ ਗਈਆਂ ਤੇ ਇਸ ਦੌਰਾਨ ਰਾਜਾ ਮਸੀਹ ਨੂੰ ਘਰ ਪਹੁੰਚਾ ਦਿੱਤਾ | ਰਾਤ ਸੌਣ ਤੋਂ ਬਾਅਦ ਜਦੋਂ ਸਵੇਰ ਸਮੇਂ ਉਸ ਨੂੰ ਦੇਖਿਆ ਗਿਆ ਤਾਂ ਉਸ ਦੀ ਮੌਤ ਹੋ ਚੱਕੀ ਸੀ | ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਿ੍ਤਕ ਦੇ ਪਰਿਵਾਰ ਵਾਲੇ ਜਿੰਨਾਂ ਉੱਪਰ ਦੋਸ਼ ਲਾਉਂਦੇ ਉਹ ਪਹਿਲਾਂ ਵੀ ਇਕੱਠੇ ਹੋ ਕੇ ਖਾਣ-ਪੀਣ ਦੇ ਆਦੀ ਸਨ ਅਤੇ ਲੜਾਈ-ਝਗੜਾ ਵੀ ਕਰ ਲੈਂਦੇ ਸਨ, ਪਰ ਇਸ ਵਾਰ ਰਾਜੇ ਦੇ ਹੋਏ ਕਤਲ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ | ਇਸ ਮੌਕੇ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਲਈ ਅਤੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀ ਗਈ | ਇਸ ਸਬੰਧੀ ਜਦੋਂ ਡੀ.ਐੱਸ.ਪੀ. ਕੁਲਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਮਿ੍ਤਕ ਦੇ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |