ਗੁਰਦਾਸਪੁਰ, 3 ਦਸੰਬਰ (ਗੁਰਪ੍ਰਤਾਪ ਸਿੰਘ)- ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤਾਂ ਨੂੰ ਵੰਡੇ ਜਾ ਰਹੇ ਮੁਆਵਜ਼ੇ ਨਾਲ ਸਬੰਧਿਤ ਕਿਸਾਨਾਂ-ਮਜ਼ਦੂਰਾਂ ਤੇ ਹੋਰ ਲੋਕਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਜੋਗਿੰਦਰ ਸਿੰਘ ਖੰਨਾ ਚਮਾਰਾਂ, ਗੁਰਪਿੰਦਰ ਸਿੰਘ ਉੱਚਾ ਧਕਾਲਾ, ਸੁਖਵੰਤ ਸਿੰਘ ਸਠਿਆਲੀ, ਅਮਰਜੀਤ ਸਿੰਘ ਤੇ ਚਮਨ ਮਸੀਹ ਲੱਖੋਵਾਲ ਉੱਪਰ ਅਧਾਰਿਤ ਇਕ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਡੀ.ਸੀ. ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਬਲਬੀਰ ਸਿੰਘ ਰੰਧਾਵਾ, ਸਤਬੀਰ ਸਿੰਘ ਖੋਦੇ ਬੇਟ, ਅਵਤਾਰ ਸਿੰਘ ਰੰਧਾਵਾ, ਸੁੱਚਾ ਸਿੰਘ ਰਾਮ ਦੀਵਾਲੀ, ਚਰਨਜੀਤ ਸਿੰਘ ਲੱਖੋਵਾਲ, ਸਰਵਣ ਸਿੰਘ ਰੜੇਵਾਲੀ, ਮੰਗਲ ਸਿੰਘ ਸ਼ੇਖ਼ਾ, ਨਵਦੀਪ ਸਿੰਘ ਤੁੰਗ, ਗੁਰਪਾਲ ਸਿੰਘ ਭਾਗੋਕਾਵਾਂ ਤੇ ਸੁਖਦੇਵ ਸਿੰਘ ਲੱਖੋਵਾਲ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਜੋ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੀ ਵੰਡ ਕੀਤੀ ਜਾ ਰਹੀ ਹੈ, ਉਸ ਵਿਚ ਜਿੱਥੇ ਸਿਆਸੀ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ ਉੱਥੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਮਾਲਕੀ ਹੇਠਲੀ ਜ਼ਮੀਨ ਉੱਪਰ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਇਸ ਮੁਆਵਜ਼ੇ ਦਾ ਹੱਕਦਾਰ ਹੀ ਨਹੀਂ ਮੰਨਿਆ ਜਾ ਰਿਹਾ ਹੈ ਤੇ ਪੰਚਾਇਤੀ, ਵਕਫ਼ ਬੋਰਡ ਜਾਂ ਹੋਰ ਅਦਾਰਿਆਂ ਦੀ ਜ਼ਮੀਨ ਠੇਕੇ ਪਟੇ ਉੱਪਰ ਲੈ ਕੇ ਵਾਹੀ ਕਰ ਰਹੇ ਗੈਰ-ਮਾਲਕ ਕਾਸ਼ਤਕਾਰਾਂ ਨਾਲ ਕਈ ਤਰ੍ਹਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ | ਇਸ ਸਮੇਂ ਡਿਪਟੀ ਕਮਿਸ਼ਨਰ ਨੂੰ ਭੇਜੇ ਗਏ ਮੰਗ ਪੱਤਰ ਵਿਚ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਮੰਗ ਕੀਤੀ ਗਈ ਕਿ ਕਿਸਾਨਾਂ ਮਜ਼ਦੂਰਾਂ ਤੇ ਹੋਰ ਲੋਕਾਂ ਨੂੰ ਮੁਆਵਜ਼ਾ ਵੰਡਣ ਵਿਚ ਕੀਤੀ ਜਾ ਰਹੀ ਸਿਆਸੀ ਵਿਤਕਰੇਬਾਜ਼ੀ ਬੰਦ ਕੀਤੀ ਜਾਵੇ ਤੇ ਬਿਨਾਂ ਭੇਦਭਾਵ ਕੀਤਿਆਂ ਸਾਰੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਪਸ਼ੂ-ਧਨ, ਮਸ਼ੀਨਰੀ, ਢਹਿ ਗਏ ਜਾਂ ਨੁਕਸਾਨੇ ਗਏ ਘਰਾਂ, ਮਕਾਨਾਂ ਤੇ ਹੋਏ ਹੋਰ ਨੁਕਸਾਨਾਂ ਦਾ ਢੁਕਵਾਂ ਮੁਆਵਜ਼ਾ ਵੀ ਤੁਰੰਤ ਅਦਾ ਕੀਤਾ ਜਾਵੇ | ਇਸ ਮੌਕੇ ਮੁਖਵਿੰਦਰ ਸਿੰਘ ਚਿਕੜੀ, ਡਾ: ਗੁਰਮੀਤ ਸਿੰਘ ਹੱਲਾ, ਪ੍ਰਭਜੋਤ ਸਿੰਘ ਬਹਿਲੋਲਪੁਰ, ਗੁਰਨਾਮ ਸਿੰਘ ਭਾਗੋਕਾਵਾਂ, ਦਲੇਰ ਸਿੰਘ ਬਥਵਾਲਾ, ਸੁਖਬੀਰ ਸਿੰਘ ਰੰਧਾਵਾ, ਕੁਲਜੀਤ ਸਿੰਘ ਬਹਿਰਾਮਪੁਰ, ਲਾਡੀ ਠਾਕੁਰ, ਜਸਬੀਰ ਸਿੰਘ ਸ਼ੇਖ਼ਾ, ਸਰਬਜੀਤ ਸਿੰਘ ਤਲਵੰਡੀ ਹਿੰਦੂਆਂ, ਸਤਨਾਮ ਸਿੰਘ ਖੁਸ਼ੀਪੁਰ, ਅਮਨਦੀਪ ਸਿੰਘ ਗੁਰਾਇਆ, ਕੁਲਦੀਪ ਸਿੰਘ ਲਾਡੀ ਅਤੇ ਹੋਰ ਆਗੂ ਹਾਜ਼ਰ ਸਨ |