ਫ਼ਾਜ਼ਿਲਕਾ, 16 ਜੂਨ (ਅਮਰਜੀਤ ਸ਼ਰਮਾ)-ਅੰਤਰਰਾਸ਼ਟਰੀ ਯੋਗ ਦਿਵਸ 2025 ਨੂੰ ਸਮਰਪਿਤ 65 ਬਟਾਲੀਅਨ ਸੀਮਾ ਸੁਰੱਖਿਆ ਬਲ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਯੋਗ ਅਭਿਆਸ ਸੈਸ਼ਨ ਆਯੋਜਿਤ ਕੀਤਾ ਗਿਆ | ਇਹ ਸੈਸ਼ਨ ਸਵੇਰੇ 6 ਵਜੇ ਤੋਂ 7 ਵਜੇ ਤੱਕ ਕਰਵਾਇਆ ਗਿਆ | ਜਿਸ ਦਾ ਮਕਸਦ ਆਮ ਲੋਕਾਂ ਵਿਚ ਯੋਗ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਸੀ | ਯੋਗ ਸੈਸ਼ਨ ਦੀ ਅਗਵਾਈ 65 ਬਟਾਲੀਅਨ ਦੇ ਕਮਾਡੈਂਟ ਵੀਰੇਂਦਰ ਬਹਾਦੁਰ ਯਾਦਵ ਅਤੇ ਪਰਿਵਾਰ ਕਲਿਆਣ ਕੇਂਦਰ ਦੀ ਮੁਖੀ ਅਨੀਤਾ ਯਾਦਵ ਨੇ ਕੀਤੀ | ਇਸ ਸਮਾਗਮ ਵਿਚ ਬੀ.ਐੱਸ.ਐਫ.ਦੇ 9 ਅਧਿਕਾਰੀ, 24 ਅਧੀਨ ਅਧਿਕਾਰੀ, 91 ਹੋਰ ਸਟਾਫ਼ ਮੈਂਬਰ ਅਤੇ ਬਟਾਲੀਅਨ ਕੰਪਲੈਕਸ 'ਚ ਰਹਿਣ ਵਾਲੀਆਂ ਮਹਿਲਾਵਾਂ 'ਤੇ ਬੱਚਿਆਂ ਸਮੇਤ ਪਰਿਵਾਰਾਂ ਦੇ ਮੈਂਬਰਾਂ ਨੇ ਭਾਗ ਲਿਆ | ਇਸ ਯੋਗ ਸੈਸ਼ਨ ਨੂੰ ਸਫਲ ਬਣਾਉਣ ਲਈ ਇੱਕ ਦਿਨ ਪਹਿਲਾਂ ਹੀ ਸਟੇਡੀਅਮ ਵਿਚ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ | ਮਰਦਾਂ 'ਤੇ ਮਹਿਲਾਵਾਂ ਲਈ ਵੱਖ-ਵੱਖ ਯੋਗ ਅਨੁਦੇਸ਼ਕ, ਸਾਊਾਡ ਸਿਸਟਮ ਅਤੇ ਯੋਗ ਗੀਤਾਂ ਦੀ ਗੂੰਜ ਨਾਲ ਸਟੇਡੀਅਮ ਵਿਚ ਮੌਜੂਦ ਬੱਚਿਆਂ, ਉਨ੍ਹਾਂ ਦੇ ਟਰੇਨਰਾਂ ਅਤੇ ਸਵੇਰੇ ਦੀ ਸੈਰ ਕਰਨ ਵਾਲੇ ਵੱਡੇ ਉਮਰ ਦੇ ਲੋਕਾਂ ਵਿਚ ਖ਼ਾਸ ਦਿਲਚਸਪੀ ਦੇਖਣ ਨੂੰ ਮਿਲੀ | ਇਸ ਸਮਾਗਮ ਵਿਚ ਸੀਮਾ ਸੁਰੱਖਿਆ ਬਲ ਨਾਲ-ਨਾਲ ਸ਼ਹਿਰ ਵਾਸੀਆਂ ਨੇ ਵੀ ਸਵੈ-ਇੱਛਾ ਨਾਲ ਭਾਗ ਲੈ ਕੇ ਯੋਗ ਅਭਿਆਸ ਕੀਤਾ | ਇਸ ਮੌਕੇ ਕਮਾਡੈਂਟ ਯਾਦਵ ਨੇ ਦੱਸਿਆ ਕਿ ਬੀ.ਐੱਸ.ਐਫ. ਵਲ਼ੋਂ ਇਹ ਯੋਗ ਸੈਸ਼ਨ ਇਸੇ ਲਈ ਆਯੋਜਿਤ ਕੀਤਾ ਗਿਆ, ਤਾਂ ਜੋ ਯੋਗ ਦੇ ਲਾਭਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ ਅਤੇ ਇਹ ਸੰਦੇਸ਼ ਘਰ-ਘਰ ਤੱਕ ਪਹੁੰਚੇ ਕਿ ਤੰਦਰੁਸਤ ਜੀਵਨ ਦੀ ਕੁੰਜੀ ਯੋਗ ਵਿਚ ਲੁਕੀ ਹੋਈ ਹੈ |