ਜਲਾਲਾਬਾਦ, 17 ਜੂਨ (ਹਰਪ੍ਰੀਤ ਸਿੰਘ ਪਰੂਥੀ)-ਭਾਰਤੀ ਕਮਿਊਨਿਸਟ ਪਾਰਟੀ ਅਤੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਸਥਾਨਕ ਪਿੰਡ ਢੰਡੀ ਕਦੀਮ ਵਿਖੇ ਗ਼ਰੀਬ ਕਿਸਾਨ ਸ਼ਰਮਾ ਸਿੰਘ ਦੀ ਜ਼ਮੀਨ 'ਤੇ ਕਬਜ਼ਾ ਕਰਨ ਆਏ ਪ੍ਰਸ਼ਾਸਨ ਅਤੇ ਪੰਚਾਇਤ ਨੂੰ ਖ਼ਾਲੀ ਹੱਥ ਮੋੜਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਬਲਾਕ ਪ੍ਰਧਾਨ ਕਿ੍ਸ਼ਨ ਧਰਮੂ ਵਾਲਾ ਅਤੇ ਨੌਜਵਾਨ ਆਗੂ ਨਰਿੰਦਰ ਢਾਬਾਂ ਨੇ ਦੋਸ਼ ਲਗਾਉਂਦੇ ਦੱਸਿਆ ਕਿ ਪਿੰਡ ਢੰਡੀ ਕਦੀਮ ਦੇ ਗ਼ਰੀਬ ਕਿਸਾਨ ਸ਼ਰਮਾ ਸਿੰਘ ਨੇ ਵੀਹ ਸਾਲ ਪਹਿਲਾਂ ਉਪਰੋਕਤ ਜ਼ਮੀਨ ਸੁੱਚਾ ਸਿੰਘ ਤੋਂ ਖ਼ਰੀਦੀ ਸੀ ਅਤੇ ਵੀਹ ਸਾਲਾਂ ਤੋਂ ਉਹ ਇਸ ਉੱਪਰ ਖੇਤੀ ਕਰਦਾ ਆ ਰਿਹਾ ਹੈ ਅਤੇ ਅੱਜ ਪ੍ਰਸ਼ਾਸਨ ਵੱਲੋਂ ਉਸ ਨੰੂ ਬਿਨਾਂ ਕੋਈ ਨੋਟਿਸ ਭੇਜੇ ਪੰਚਾਇਤ ਨੂੰ ਕਬਜ਼ਾ ਦੁਆਉਣ ਦੀ ਕੋਸ਼ਿਸ਼ ਕੀਤੀ ਗਈ | ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਇਸ ਜ਼ਮੀਨ ਉਪਰ ਕਿਸਾਨ ਵਲੋਂ ਝੋਨੇ ਦੀ ਫ਼ਸਲ ਬੀਜੀ ਗਈ ਹੈ ਅਤੇ ਰਾਜਸੀ ਸ਼ਹਿ 'ਤੇ ਬਿਨਾਂ ਕੋਈ ਨਿਸ਼ਾਨ ਦੇਹੀ ਕਰਵਾਏ ਅਤੇ ਮਾਲ ਮਹਿਕਮੇ ਦੀ ਆਗਿਆ ਤੋਂ ਬਿਨਾਂ ਬੀ.ਡੀ.ਪੀ.ਓ. ਜਲਾਲਾਬਾਦ ਵੱਲੋਂ ਵੱਡੀ ਗਿਣਤੀ ਵਿਚ ਪੁਲਿਸ ਦੇ ਮੁਲਾਜ਼ਮ ਨਾਲ ਲਿਆ ਕੇ ਨਾਜਾਇਜ਼ ਢੰਗ ਨਾਲ ਪੰਚਾਇਤ ਨੂੰ ਕਬਜ਼ਾ ਦੁਆਉਣ ਦੀ ਕੀਤੀ ਕੋਸ਼ਿਸ਼ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਆਗੂਆਂ ਨੇ ਮੰਗ ਕਰਦਿਆਂ ਕਿਹਾ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਭਜਨ ਛੱਪੜੀ ਵਾਲਾ, ਕਿਸਾਨ ਆਗੂ ਜੰਮੂ ਰਾਮ ਬੰਨ ਵਾਲਾ, ਕਰਨੈਲ ਬੱਘੇਕੇ, ਪੰਮਾ ਥਾਰੇ ਵਾਲਾ, ਹਰਚਰਨ ਪਾਲੀ ਵਾਲਾ, ਸ਼ਰਮਾ ਢੰਡੀਆਂ, ਕਾਲਾ ਸੁਬਾਜ ਕੇ ਅਤੇ ਟਹਿਲ ਸਿੰਘ ਸੁਬਾਜ ਕੇ ਆਦਿ ਆਗੂ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |