ਫ਼ਾਜ਼ਿਲਕਾ, 17 ਜੂਨ (ਦਵਿੰਦਰ ਪਾਲ ਸਿੰਘ)-ਕਿਰਤ ਵਿਭਾਗ ਨੇ ਫ਼ਾਜ਼ਿਲਕਾ ਵਿਚ ਹੋਟਲਾਂ ਅਤੇ ਦੁਕਾਨਾਂ 'ਤੇ ਛਾਪੇਮਾਰੀ ਬਾਲ ਸੁਰੱਖਿਆ ਵਿਭਾਗ, ਸਿੱਖਿਆ ਵਿਭਾਗ ਅਤੇ ਪੁਲਿਸ ਦੀ ਮਦਦ ਨਾਲ ਕੀਤੀ | ਇਸ ਛਾਪੇਮਾਰੀ ਦੌਰਾਨ ਦੋ ਦੁਕਾਨ ਮਾਲਕਾਂ ਦੇ ਚਲਾਨ ਕੀਤੇ ਗਏ ਹਨ | ਦੋ ਨਾਬਾਲਗ ਬੱਚਿਆਂ ਨੂੰ ਦੁਕਾਨਾਂ ਤੋਂ ਛੁਡਾ ਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ | ਜਾਣਕਾਰੀ ਦਿੰਦੇ ਹੋਏ ਫ਼ਾਜ਼ਿਲਕਾ ਤੋਂ ਕਿਰਤ ਵਿਭਾਗ ਦੇ ਇੰਸਪੈਕਟਰ ਰਾਜਵੀਰ ਸਿੰਘ ਨੇ ਕਿਹਾ ਕਿ ਵਿਭਾਗ ਬਾਲ ਅਤੇ ਕਿਸ਼ੋਰ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਇੱਕ ਹਫ਼ਤਾ ਚਲਾ ਰਿਹਾ ਹੈ | ਜਿਸ ਤਹਿਤ ਉਨ੍ਹਾਂ ਨੇ ਬਾਲ ਮਜ਼ਦੂਰੀ ਸੰਬੰਧੀ ਚੌਕ ਘੰਟਾਘਰ ਅਤੇ ਹੋਰ ਬਾਜ਼ਾਰਾਂ ਵਿਚ ਛਾਪੇਮਾਰੀ ਕੀਤੀ ਹੈ | ਜਿਸ ਦੌਰਾਨ ਵਿਭਾਗ ਨੇ ਦੋ ਦੁਕਾਨ ਮਾਲਕਾਂ ਦਾ ਵੀ ਚਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਦੇ ਚੌਕ ਘੰਟਾਘਰ ਨੇੜੇ ਰੌਸ਼ਨ ਟਿੱਕੀ ਭੰਡਾਰ 'ਤੇ ਕੰਮ ਕਰਨ ਵਾਲੇ ਨਾਬਾਲਗ ਨੂੰ ਦੁਕਾਨ ਤੋਂ ਛੁਡਾ ਕੇ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਦੁਕਾਨ ਮਾਲਕ ਦਾ ਚਲਾਨ ਕੀਤਾ ਗਿਆ ਹੈ | ਚੌਧਰੀਆਂ ਵਾਲੀ ਗਲੀ ਵਿਚ ਅਸੀਮ ਟਰੇਡਿੰਗ ਵਿਚ ਕੰਮ ਕਰਨ ਵਾਲੇ ਨਾਬਾਲਗ ਨੂੰ ਰਿਹਾਅ ਕਰਕੇ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ | ਜਿਸ ਵਿਚ ਦੁਕਾਨ ਮਾਲਕ ਦਾ ਚਲਾਨ ਕੱਟਿਆ ਗਿਆ ਹੈ | ਇਹ ਚਲਾਨ ਅਦਾਲਤ ਵਿਚ ਭੇਜਿਆ ਜਾ ਰਿਹਾ ਹੈ | ਅਦਾਲਤ ਵਲ਼ੋਂ ਅਗਲੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ, ਪੁਲਿਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਜੂਦ ਸਨ |