ਫ਼ਾਜ਼ਿਲਕਾ, 17 ਜੂਨ (ਦਵਿੰਦਰ ਪਾਲ ਸਿੰਘ)-ਡਾ. ਰਾਜ ਕੁਮਾਰ ਸਿਵਲ ਸਰਜਨ ਫ਼ਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿਚ ਡਾ. ਕਵਿਤਾ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਦੇਖਰੇਖ ਅਤੇ ਡਾ. ਰਿੰਕੂ ਚਾਵਲਾ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਦੀ ਹਾਜ਼ਰੀ ਵਿਚ ਅਰਬਨ ਫ਼ਾਜ਼ਿਲਕਾ ਦੀਆਂ ਸਮੂਹ ਏ.ਐਨ.ਐਮ. ਅਤੇ ਆਸ਼ਾ ਦੀ ਗੈਰ-ਸੰਚਾਰੀ ਬਿਮਾਰੀਆਂ ਅਤੇ ਆਭਾ ਆਈ. ਡੀ. ਸਬੰਧੀ ਮੀਟਿੰਗ ਕੀਤੀ ਗਈ | ਇਸ ਸਮੇਂ ਡਾ.ਰਿੰਕੂ ਚਾਵਲਾ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਦਾ ਕਾਰਨ ਗੈਰ-ਸੰਚਾਰੀ ਰੋਗ ਜਿਵੇਂ ਸ਼ੂਗਰ, ਕੈਂਸਰ, ਵਧਦਾ ਬਲੱਡ ਪ੍ਰੈਸ਼ਰ, ਸਟੋ੍ਰਕ ਅਤੇ ਦਿਲ ਦੀਆਂ ਬਿਮਾਰੀਆਂ ਹਨ | ਸਮੇਂ ਸਿਰ ਇਨ੍ਹਾਂ ਰੋਗਾਂ ਦੀ ਪਹਿਚਾਣ ਕਰਕੇ ਅਤੇ ਇਲਾਜ ਕਰਕੇ ਹੋਣ ਵਾਲੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਮੌਤਾਂ ਤੇ ਕੰਟਰੋਲ ਕੀਤਾ ਜਾ ਸਕਦਾ ਹੈ | ਉਨ੍ਹਾਂ ਸਮੂਹ ਭਾਗੀਦਾਰਾਂ ਨੂੰ ਹਦਾਇਤ ਕੀਤੀ ਕਿ ਘਰ-ਘਰ ਸਰਵੇ ਦੌਰਾਨ ਪਰਿਵਾਰਿਕ ਮੈਂਬਰਾਂ ਦੇ ਬਿਮਾਰੀ ਸਬੰਧੀ ਲੱਛਣਾਂ ਅਨੁਸਾਰ ਗੈਰ ਸੰਚਾਰੀ ਰੋਗਾਂ ਦੇ ਮਰੀਜ਼ਾਂ ਦੀ ਪਹਿਚਾਣ ਕਰਕੇ ਅਗਲੇ ਜਾਂਚ ਲਈ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਲਿਆਂਦਾ ਜਾਵੇ ਅਤੇ ਉਨ੍ਹਾਂ ਦੇ ਸੀ-ਬੈਕ ਫਾਰਮ ਭਰੇ ਜਾਣ | ਉਨ੍ਹਾਂ ਕਿਹਾ ਕਿ ਆਪਣੇ ਅਧੀਨ ਏਰੀਏ ਦੇ 30 ਸਾਲਾਂ ਤੋਂ ਉੱਪਰ ਦੇ ਹਰੇਕ ਵਿਅਕਤੀ ਦੀ ਸਾਲ ਵਿਚ ਦੋ ਵਾਰ ਇਨ੍ਹਾਂ ਰੋਗਾਂ ਸਬੰਧੀ ਜਾਂਚ ਜ਼ਰੂਰ ਕਰਵਾਈ ਜਾਵੇ | ਰਾਜੇਸ਼ ਕੁਮਾਰ ਜ਼ਿਲ੍ਹਾ ਪੋ੍ਰਗਰਾਮ ਮੈਨੇਜਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਧ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਦਾ ਇੱਕ ਪੋਰਟਲ ਤਿਆਰ ਕੀਤਾ ਹੋਇਆ ਹੈ, ਤਾਂ ਜੋ ਸਮੇਂ ਸਮੇਂ ਤੇ ਇਨ੍ਹਾਂ ਮਰੀਜ਼ਾਂ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਇਲਾਜ ਕੀਤਾ ਜਾ ਸਕੇ | ਇਸ ਸਮੇਂ ਵਨੀਤਾ ਜ਼ਿਲ੍ਹਾ ਕਮਿਊਨਿਟੀ ਮੋਬਲਾਈਜ਼ਰ ਨੇ ਆਭਾ ਆਈ.ਡੀ. ਬਣਾਉਣ ਲਈ ਜਾਣਕਾਰੀ ਦਿੱਤੀ ਅਤੇ ਆਸ਼ਾ ਨੂੰ ਆਪਣੇ ਏਰੀਏ ਵਿਚ 100 ਪ੍ਰਤੀਸ਼ਤ ਆਭਾ ਆਈ ਡੀ ਬਣਾਉਣ ਲਈ ਕਿਹਾ | ਡਾ ਨੂਪੁਰ ਗਰਗ ਗਾਇਨਾਕਾਲੋਜਿਸਟ ਨੇ ਸਮੂਹ ਹਾਜ਼ਰੀਨ ਨੂੰ ਹਦਾਇਤ ਕੀਤੀ ਕਿ ਗਰਭਵਤੀ ਦੀ ਰਜਿਸਟਰੇਸ਼ਨ ਸਮੇਂ ਸਿਰ ਕਰਵਾਈ ਜਾਵੇ ਅਤੇ ਉਨ੍ਹਾਂ ਦੇ 4 ਚੈੱਕਅਪ ਜ਼ਰੂਰ ਕਰਵਾਏ ਜਾਣ, ਤਾਂ ਕਿ ਜਣੇਪੇ ਸਮੇਂ ਕੋਈ ਮੁਸ਼ਕਿਲ ਨਾ ਆਵੇ | ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਮਨਬੀਰ ਸਿੰਘ ਨੇ ਵੀ ਸਿਹਤ ਪੋ੍ਰਗਰਾਮਾਂ ਬਾਰੇ ਜਾਣਕਾਰੀ ਦਿੱਤੀ | ਇਸ ਸਮੇਂ ਦਿਵੇਸ਼ ਕੁਮਾਰ, ਸੁਖਦੇਵ ਸਿੰਘ ਅਤੇ ਮਨੀਸ਼ ਕੁਮਾਰ ਹਾਜ਼ਰ ਸਨ |