ਫ਼ਾਜ਼ਿਲਕਾ, 17 ਜੂਨ (ਦਵਿੰਦਰ ਪਾਲ ਸਿੰਘ)-ਸੰਵਿਧਾਨ ਦਾ 129ਵਾਂ ਸੋਧ ਬਿੱਲ, 2024 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ, 2024 'ਤੇ ਚਰਚਾ ਕਰਨ ਲਈ ਸਾਂਝੀ ਕਮੇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਦ ਓਬਰਾਏ ਸੁਖਵਿਲਾਸ ਸਪਾ ਰਿਜ਼ੋਰਟਸ ਨਿਊ ਚੰਡੀਗੜ੍ਹ ਵਿਖੇ ਹੋਈ | ਇਸ ਮੀਟਿੰਗ ਵਿਚ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਇੱਕ ਵਫ਼ਦ ਨੇ ਕਰਨ ਗਿਲਹੋਤਰਾ ਚੇਅਰਮੈਨ ਪੰਜਾਬ ਸਟੇਟ ਚੈਪਟਰ, ਸੌਰਭ ਮੁੰਜਾਲ, ਕੋ ਚੇਅਰਮੈਨ ਅਤੇ ਜੀ.ਐਸ ਵਿਰਕ ਕਨਵੀਨਰ ਦੀ ਅਗਵਾਈ ਵਿਚ ਸ਼ਿਰਕਤ ਕੀਤੀ | ਮੀਟਿੰਗ ਦੀ ਪ੍ਰਧਾਨਗੀ ਪੀ.ਪੀ. ਚੌਧਰੀ ਲੋਕ ਸਭਾ ਮੈਂਬਰ ਅਤੇ ਇੱਕ ਰਾਸ਼ਟਰ, ਇੱਕ ਚੋਣ 'ਤੇ ਸਾਂਝੀ ਕਮੇਟੀ ਦੇ ਚੇਅਰਮੈਨ ਨੇ ਕੀਤੀ | ਇਸ ਮੌਕੇ ਕਈ ਪ੍ਰਮੁੱਖ ਸੰਸਦ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਵਿਚ ਬਾਂਸਰੀ ਸਵਰਾਜ, ਭਰਤਰੁਹਰੀ ਮਹਿਤਾਬ, ਅਨਿਲ ਯਸ਼ਵੰਤ ਦੇਸਾਈ, ਸ਼ੰਭਵੀ, ਚੰਦਨ ਚੌਹਾਨ, ਘਨਸ਼ਿਆਮ ਤਿਵਾੜੀ, ਡਾ. ਕੇ. ਲਕਸ਼ਮਣ, ਯੇਰਾਮ ਵੈਂਕਟਾ ਸੁੱਬਾ ਰੈਡੀ, ਈ.ਟੀ. ਮੁਹੰਮਦ ਬਸ਼ੀਰ ਅਤੇ ਵਿਜੇ ਕੁਮਾਰ ਹੰਸਦਕ ਸ਼ਾਮਿਲ ਸਨ | ਕਰਨ ਗਿਲਹੋਤਰਾ ਨੇ ਇੱਕ ਰਾਸ਼ਟਰ ਇੱਕ ਚੋਣ ਪਹਿਲਕਦਮੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਸ਼ਾਸਨ ਨਿਰੰਤਰਤਾ ਵਿਚ ਸੁਧਾਰ ਕਰੇਗਾ, ਚੋਣ ਖ਼ਰਚਿਆਂ ਨੂੰ ਘਟਾਏਗਾ ਅਤੇ ਨੀਤੀ ਲਾਗੂ ਕਰਨ ਵਿਚ ਤੇਜ਼ੀ ਲਿਆਏਗਾ | ਪ੍ਰਕਿਰਿਆ ਵਿਚ ਸੰਭਾਵਿਤ ਚੁਨੌਤੀਆਂ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨੇ ਪੀ.ਐਚ.ਡੀ.ਸੀ.ਸੀ.ਆਈ ਵਲ਼ੋਂ ਪੂਰਾ ਸਹਿਯੋਗ ਦੇਣ ਅਤੇ ਸਾਰੀਆਂ ਸਬੰਧਿਤ ਧਿਰਾਂ ਨਾਲ ਗੱਲਬਾਤ ਰਾਹੀਂ ਹੱਲ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ | ਮੀਟਿੰਗ ਵਿਚ ਸਾਂਝੀ ਕਮੇਟੀ ਨੇ ਇਸ ਵਿਚਾਰ 'ਤੇ ਵਿਸਥਾਰ ਨਾਲ ਚਰਚਾ ਕੀਤੀ ਕਿ ਜੇਕਰ ਦੇਸ਼ ਭਰ ਵਿਚ ਚੋਣਾਂ ਦਾ ਤਾਲਮੇਲ ਬਣਾਇਆ ਜਾਵੇ, ਤਾਂ ਇਹ ਪ੍ਰਸ਼ਾਸਕੀ ਕੁਸ਼ਲਤਾ ਵਧਾ ਸਕਦਾ ਹੈ, ਨੀਤੀਗਤ ਰੁਕਾਵਟਾਂ ਨੂੰ ਘਟਾ ਸਕਦਾ ਹੈ ਅਤੇ ਆਰਥਿਕ ਸਥਿਰਤਾ ਵਿਚ ਸੁਧਾਰ ਕਰ ਸਕਦਾ ਹੈ | ਇਸ ਮੌਕੇ ਬੈਂਕਿੰਗ ਖੇਤਰ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ 'ਤੇ ਮੁੱਖ ਕਾਰਜਕਾਰੀ ਅਧਿਕਾਰੀ ਅਸ਼ੋਕ ਚੰਦਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਐਮ.ਡੀ ਅਤੇ ਸੀ.ਈ.ਓ ਸਵਰੂਪ ਕੁਮਾਰ ਸਾਹਾ ਸ਼ਾਮਲ ਸਨ | ਇਸ ਤੋਂ ਇਲਾਵਾ ਕਈ ਸਨਅਤਕਾਰਾਂ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ |