ਫ਼ਾਜ਼ਿਲਕਾ, 21 ਸਤੰਬਰ (ਦਵਿੰਦਰ ਪਾਲ ਸਿੰਘ)- ਮੁੱਖ ਖੇਤੀਬਾੜੀ ਅਫ਼ਸਰ ਰਜਿੰਦਰ ਕੰਬੋਜ ਵਲੋ ਜ਼ਿਲੇ੍ਹ ਦੇ ਸਾਰੇ ਕਪਾਹ ਉਤਪਾਦਕ ਕਿਸਾਨਾਂ ਨੂੰ ਦੱਸਿਆ ਗਿਆ ਕਿ ਕੌਟਨ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਵੱਲੋਂ ਇਕ ਮੋਬਾਈਲ ਐਪਲੀਕੇਸ਼ਨ ਕਪਾਸ ਕਿਸਾਨ ਤਿਆਰ ਕੀਤੀ ਗਈ ਹੈ, ਜੋ ਕਿ ਕਪਾਹ ਮੌਸਮ 2025-26 ਲਈ ਘੱਟੋ-ਘੱਟ ਸਮਰਥਨ ਮੁੱਲ ਸਕੀਮ ਹੇਠ ਕਪਾਹ ਦੀ ਵਿੱਕਰੀ ਲਈ ਆਧਾਰ ਆਧਾਰਤ ਖ਼ੁਦ ਰਜਿਸਟਰੇਸ਼ਨ ਦੀ ਸਹੂਲਤ ਪ੍ਰਦਾਨ ਕਰੇਗੀ | ਕਪਾਸ ਕਿਸਾਨ ਐਪ 30 ਅਗਸਤ 2025 ਤੋਂ ਗੂਗਲ ਪਲੇਅ ਸਟੋਰ ਅਤੇ ਐਪਲ ਆਈ.ਓ.ਐੱਸ. ਸਟੋਰ 'ਤੇ ਉਪਲਬਧ ਹੈ | ਰਜਿਸਟਰੇਸ਼ਨ 30 ਸਤੰਬਰ, 2025 ਤੱਕ ਖੁੱਲ੍ਹੀ ਰਹੇਗੀ | ਉਨ੍ਹਾਂ ਦੱਸਿਆ ਕਿ ਕਿ ਸਾਰੇ ਕਪਾਹ ਕਿਸਾਨ ਆਪਣੀ ਰਜਿਸਟਰੇਸ਼ਨ ਨਿਮਨ ਦਸਤਾਵੇਜ਼ ਜਿਵੇਂ ਜ਼ਮੀਨ ਦਾ ਮਾਲਕੀ ਰਿਕਾਰਡ ਜੋ ਜਾਰੀ ਕਰਨ ਵਾਲੀਆਂ ਅਥਾਰਿਟੀ ਵੱਲੋਂ ਪੁਸ਼ਟੀਤ ਹੋਣ, ਕਪਾਹ ਦੀ ਫ਼ਸਲ ਹੇਠ ਆਉਣ ਵਾਲੀ ਜ਼ਮੀਨ ਦਾ ਰਿਕਾਰਡ, ਜੋ ਸਥਾਨਕ ਰੈਵੀਨਿਊ/ਖੇਤੀਬਾੜੀ ਵਿਭਾਗ/ਖੇਤੀ ਵਾਧੂ ਵਿਭਾਗ ਅਧਿਕਾਰੀ ਵੱਲੋਂ ਪ੍ਰਮਾਣਿਤ ਹੋਵੇ, ਅਪਡੇਟ ਮੋਬਾਈਲ ਨੰਬਰ ਤੇ ਬੈਂਕ ਖਾਤੇ ਨਾਲ ਲਿੰਕ ਹੋਇਆ ਵੈਧ ਆਧਾਰ ਕਾਰਡ ਨਾਲ ਕਰਵਾਓ | ਸਾਰੇ ਯੋਗ ਕਪਾਹ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਓ.ਟੀ.ਪੀ. ਆਧਾਰਤ ਰਜਿਸਟਰੇਸ਼ਨ ਸਮੇਂ ਸਿਰ ਪੂਰੀ ਕਰ ਲੈਣ ਤਾਂ ਜੋ ਉਹ 2025-26 ਦੇ ਆਉਣ ਵਾਲੇ ਮੌਸਮ ਲਈ ਘੱਟੋ-ਘੱਟ ਸਮਰਥਨ ਮੁੱਲ ਸਹੂਲਤ ਦਾ ਲਾਭ ਲੈ ਸਕਣ | ਜਾਣਕਾਰੀ ਲਈ ਕਿਸਾਨ ਆਪਣੇ ਨਜ਼ਦੀਕੀ ਕਪਾਹ ਖ਼ਰੀਦ ਕੇਂਦਰ ਜਾਂ ਮਾਰਕੀਟ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ | ਇਹ ਸੂਚਨਾ ਕਪਾਹ ਉਤਪਾਦਕ ਕਿਸਾਨਾਂ ਦੇ ਹਿਤ 'ਚ ਜਾਰੀ ਕੀਤੀ ਜਾਂਦੀ ਹੈ |