ਫ਼ਾਜ਼ਿਲਕਾ, 16 ਅਕਤੂਬਰ (ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਵਿਕਾਸ 'ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਨੇ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੋਸਾਇਟੀ (ਕੈਟਲ ਪੌਂਡ ਸਲੇਮਸ਼ਾਹ) ਦਾ ਦੌਰਾ ਕੀਤਾ ਤੇ ਚੱਲ ਰਹੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਦੇ ਸਲੇਮਸ਼ਾਹ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਈ ਜਾ ਰਹੀ ਸਰਕਾਰੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਕੈਟਲ ਪੌਂਡ 'ਚ 1200 ਦੇ ਕਰੀਬ ਬੇਸਹਾਰਾ ਗਾਵਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ | ਇਸ ਮੌਕੇ ਗਊਸ਼ਾਲਾ ਦੇ ਕੇਅਰਟੇਕਰ ਤੇ ਮੈਂਬਰਾਂ ਨੇ ਗਊਸ਼ਾਲਾ ਵਿਖੇ ਚੱਲ ਰਹੇ ਤੇ ਹੋਣ ਵਾਲੇ ਹੋਰ ਕੰਮਾਂ ਦੀ ਜਾਣਕਾਰੀ ਡੀ.ਡੀ.ਪੀ.ਓ. ਨੂੰ ਦੱਸੀ | ਉਨ੍ਹਾਂ ਚੱਲ ਰਹੇ ਕੰਮਾਂ ਦੀ ਜਾਣਕਾਰੀ ਲੈਣ ਉਪਰੰਤ ਕਿਹਾ ਕਿ ਜੋ ਵੀ ਕੰਮ ਇਸ ਕੈਟਲ ਪੌਂਡ ਵਿਚ ਅਧੂਰੇ ਹਨ ਜਾਂ ਪੈਂਡਿੰਗ ਪਏ ਹਨ ਉਨ੍ਹਾਂ ਕੰਮਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸੜਕਾਂ ਦੇ ਘੁੰਮਦੇ ਬੇਸਹਾਰਾ ਗਉਵੰਸ਼ ਨੂੰ ਗਊਸ਼ਾਲਾ ਵਿਖੇ ਭੇਜਿਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਬਾਖ਼ੂਬੀ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾ ਰਹੀ ਹੈ | ਇਸ ਮੌਕੇ ਗਊਸ਼ਾਲਾ ਦੇ ਸਟਾਫ਼ ਵਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਜਿਸ ਤੇ ਅਧਿਕਾਰੀ ਵਲੋਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਸਬੰਧੀ ਵੀ ਭਰੋਸਾ ਦਿੱਤਾ ਗਿਆ | ਇਸ ਮੌਕੇ ਕੈਟਲ ਪੌਂਡ ਦੇ ਮੈਂਬਰ ਹਾਜ਼ਰ ਸਨ |