ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਸਿਮੀਗੋ ਇੰਟਰਨੈਸ਼ਨਲ ਸਕੂਲ ਦੇ ਖਿਡਾਰੀ ਹਰ ਰੋਜ਼ ਨਵੇਂ ਰਿਕਾਰਡ ਬਣਾ ਰਹੇ ਹਨ | ਹੁਣ ਸਿਮੀਗੋ ਦੀ ਇੱਕ ਵਿਦਿਆਰਥਣ ਨੇ ਅੰਡਰ-19 ਲੜਕੀਆਂ ਵਿਚ ਜ਼ਿਲ੍ਹਾ ਪੱਧਰ 'ਤੇ ਕਵਾਡ ਸਕੇਟਿੰਗ ਵਿਚ 500 ਮੀਟਰ ਅਤੇ 1000 ਮੀਟਰ ਮੁਕਾਬਲੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਰਜਨੀ ਸ਼ਰਮਾ ਤੇ ਪ੍ਰਸ਼ਾਸਕ ਮੁਹੰਮਦ ਜ਼ਿਆ ਖ਼ਾਨ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਸੁਖਮ ਬਰਾੜ ਨੇ ਹਾਲ ਹੀ ਵਿਚ ਮਾਹੂਆਣਾ ਬੋਦਲਾ ਪਿੰਡ ਵਿਚ ਸਥਿਤ ਰੈਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਹੋਏ 500 ਮੀਟਰ ਤੇ 1000 ਮੀਟਰ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਤਗਮਾ ਜਿੱਤਿਆ ਹੈ | ਇਸ ਦੇ ਨਾਲ ਸੁਖਮ ਬਰਾੜ ਨੂੰ ਰਾਜ ਪੱਧਰੀ ਅੰਡਰ-19 (ਕਵਾਡ ਸਕੇਟਿੰਗ) ਲਈ ਚੁਣਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸੁਖਮ ਬਰਾੜ ਪਹਿਲਾਂ ਹੀ ਕਈ ਰਿਕਾਰਡ ਆਪਣੇ ਨਾਮ ਕਰ ਚੁੱਕੀ ਹੈ | ਇਸ ਵਾਰ ਵੀ ਸੁਖਮ ਬਰਾੜ ਨੇ ਦੋਵੇਂ ਮੁਕਾਬਲੇ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕੀਤੀ | ਸਕੂਲ ਪਹੁੰਚਣ 'ਤੇ ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਸੁਖਮ ਬਰਾੜ ਦਾ ਨਿੱਘਾ ਸਵਾਗਤ ਕੀਤਾ ਗਿਆ | ਪਿ੍ੰਸੀਪਲ ਸ਼੍ਰੀਮਤੀ ਰਜਨੀ ਸ਼ਰਮਾ ਨੇ ਸੁਖਮ ਬਰਾੜ ਨੂੰ ਉਸ ਦੀ ਸਫਲਤਾ ਲਈ ਮੈਡਲ ਦੇ ਕੇ ਸਨਮਾਨਿਤ ਕੀਤਾ |