ਅੰਮਿ੍ਤਸਰ, 15 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ ਮੂੰਗੀ ਅਤੇ ਮੱਕੀ ਦੀ ਆਮਦ ਜ਼ੋਰਾਂ ਨਾਲ ਹੋ ਰਹੀ ਹੈ, ਜਿਸ ਦੀ ਖਰੀਦ ਪ੍ਰਾਇਵੇਟ ਫਰਮਾਂ ਕਰ ਰਹੀਆਂ ਹਨ ਹਾਲਾਂਕਿ ਫ਼ਸਲੀ ਵਿਭਿੰਨਤਾਂ ਨੂੰ ਉਤਸ਼ਾਹਿਤ ਕਰਨ ਸੰਬੰਧੀ ਸੂਬਾ ਸਰਕਾਰ ਵਲੋਂ ਮੂੰਗੀ ਤੇ ਮੱਕੀ ਦੀ ਸਰਕਾਰੀ ਖਰੀਦ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਜੋ ਪਿਛਲੇ ਸਾਲਾਂ ਤੋਂ ਜਮੀਨੀ ਪੱਧਰ 'ਤੇ ਵਫਾ ਨਹੀਂ ਹੋਏ | ਇਸ ਦੇ ਬਾਵਜੂਦ ਵੀ ਕਿਸਾਨਾਂ ਵਲੋਂ ਮੂੰਗੀ ਅਤੇ ਮੱਕੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ | ਜ਼ਿਲ੍ਹੇ ਦੀ ਮੁੱਖ ਮੰਡੀ ਭਗਤਾਂਵਾਲਾ ਵਿਖੇ ਰੋਜਾਨਾ 15-20 ਹਜ਼ਾਰ ਤੋੜਾ ਮੱਕੀ ਅਤੇ 2 ਹਜ਼ਾਰ ਤੋਂ ਵਧੇਰੇ ਤੋੜਾ ਮੂੰਗੀ ਦਾ ਵਿਕਣ ਲਈ ਆ ਰਿਹਾ ਹੈ | ਪ੍ਰਾਇਵੇਟ ਫਰਮਾਂ ਵਲੋਂ ਮੱਕੀ ਦਾ ਭਾਅ 1400 ਤੋਂ ਲੈ ਕੇ 2300 ਰੁਪਏ ਪ੍ਰਤੀ ਕੁਇੰਟਲ ਲਗਾਇਆ ਜਾ ਰਿਹਾ ਹੈ ਜਦਕਿ ਮੂੰਗੀ 7 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ | ਇਸ ਸੰਬੰਧੀ ਗੱਲਾ ਆੜਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂਵਾਲਾ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਕਿਹਾ ਕਿ ਇਨ੍ਹੀ ਦਿਨੀ ਮੰਡੀ 'ਚ ਮੂੰਗੀ ਅਤੇ ਮੱਕੀ ਦੀ ਫ਼ਸਲ ਆ ਰਹੀ ਹੈ, ਜਿਸ ਦੀ ਖ਼ਰੀਦ ਪ੍ਰਾਇਵੇਟ ਫਰਮਾਂ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੱਤਾ 'ਚ ਆਉਣ ਵੇਲੇ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਫਸਲੀ ਵਿਭਿੰਨਤਾ ਲਈ ਕਿਸਾਨ ਝੋਨੇ ਦੇ ਗੇੜ 'ਚੋਂ ਬਾਹਰ ਆਉਣ, ਜਿਸ ਦਾ ਕਿਸਾਨਾਂ ਨੇ ਸਵਾਗਤ ਕੀਤਾ ਅਤੇ ਮੱਕੀ ਤੇ ਮੂੰਗੀ ਸਮੇਤ ਹੋਰ ਫ਼ਸਲਾਂ ਦੀ ਕਾਸ਼ਤ ਕੀਤੀ, ਪਰ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਇਨ੍ਹਾਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਝੋਨੇ ਦੇ ਗੇੜ ਤੋਂ ਬਾਹਰ ਕੱਢਣ ਲਈ ਜਿੰਮੀਦਾਰਾਂ ਨੂੰ ਕੋਈ ਰੋਡ ਮੈਪ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਨੂੰ ਦੇਖਕੇ ਕਿਸਾਨ ਆਪਣੀ ਮਿਹਨਤ ਦਾ ਮੁੱਲ ਪਾ ਸਕਣ | ਉਨ੍ਹਾਂ ਕਿਹਾ ਕਿ ਸੀਜਨ ਦੌਰਾਨ ਮੰਡੀ 'ਚ ਲਗਪਗ 2 ਲੱਖ ਤੋੜਾ ਮੱਕੀ ਪਹੁੰਚਣ ਦੀ ਸੰਭਾਵਨਾ ਹੈ |