ਅੰਮਿ੍ਤਸਰ, 15 ਜੂਨ (ਹਰਮਿੰਦਰ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਹਾੜ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ 'ਤੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਛਬੀਲ ਲਾਈ ਗਈ | ਛਬੀਲ ਲਗਾਉਣ ਸਮੇਂ ਅਰੰਭਤਾ ਦੀ ਅਰਦਾਸ ਗ੍ਰੰਥੀ ਬਾਬਾ ਅਮਰੀਕ ਸਿੰਘ ਨੇ ਕੀਤੀ | ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਆਦੇਸ਼ ਅਨੁਸਾਰ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸ਼ਰਧਾਲੂਆਂ ਅਤੇ ਦੂਰ ਦੁਰਾਡੇ ਤੋਂ ਆਉਣ ਵਾਲੇ ਯਾਤਰੂਆਂ ਲਈ ਦੋਹਾਂ ਮੁੱਖ ਗੇਟਾਂ ਤੇ ਹਰ ਰੋਜ ਠੰਡੇ ਜਲ ਦੀ ਛਬੀਲ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਉਨ੍ਹਾਂ ਕਿਹਾ ਗੁਰੂਘਰ 'ਚ ਜਪਤਪ ਤੇ ਸੁਖਮਨੀ ਸਾਹਿਬ ਦੇ ਪਾਠਾਂ ਦਾ ਪ੍ਰਵਾਹ ਨਿਰੰਤਰ ਚੱਲ ਰਿਹਾ ਹੈ | ਅੱਜ ਗੁ: ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਅਕਾਲੀ ਬਾਬਾ ਫੂਲਾ ਸਿੰਘ, ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਦੇ ਜਥੇ ਨੇ ਸੰਗਰਾਂਦ ਦਾ ਦਿਹਾੜਾ ਸਰਧਾ ਭਾਵਨਾ ਨਾਲ ਮਨਾਇਆ | ਇਸ ਮੌਕੇ ਬਾਬਾ ਭਗਤ ਸਿੰਘ, ਪਰਮਜੀਤ ਸਿੰਘ ਬਾਜਵਾ, ਬਾਬਾ ਅਮਰੀਕ ਸਿੰਘ, ਬਾਬਾ ਗਗਨਦੀਪ ਸਿੰਘ, ਸੁਖਦੇਵ ਸਿੰਘ ਬਟਾਲਾ, ਬਾਬਾ ਪਿਆਰਾ ਸਿੰਘ, ਮਨੋਜ ਕੁਮਾਰ ਮਿੰਟੂ, ਬਾਬਾ ਗੁਰਸ਼ਰਨ ਸਿੰਘ ਸੋਨੂੰ ਤੇ ਹੋਰਾਂ ਨੇ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਕੀਤੀ |