ਅੰਮਿ੍ਤਸਰ, 16 ਜੂਨ (ਜਸਵੰਤ ਸਿੰਘ ਜੱਸ)-ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਵਲੋਂ ਅੰਮਿ੍ਤ ਵੇਲਾ ਸਮਾਗਮ ਜੋ 6 ਜੁਲਾਈ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਸ੍ਰੀ ਕੌਲਸਰ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ ਦੌਰਾਨ ਅੱਜ 20ਵਾਂ ਸਮਾਗਮ ਸੰਪੂਰਨ ਹੋਇਆ | ਅੱਜ ਦੇ 20ਵੇਂ ਸਮਾਗਮ ਦੀ ਆਰੰਭਤਾ ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰ ਕੇ ਕੀਤੀ | ਉਪਰੰਤ ਭਾਈ ਅਮਨਦੀਪ ਸਿੰਘ ਦੇ ਜਥੇ ਨੇ ਵਾਹਿਗੁਰੂ ਗੁਰਮੰਤਰ ਦੇ ਜਾਪ ਅਤੇ ਅੰਮਿ੍ਤ ਵੇਲੇ ਦੀ ਮਹਾਨਤਾ ਦੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਉਨ੍ਹਾਂ ਸੰਗਤਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਇਹ ਸਿੱਖ ਇਤਿਹਾਸ ਦਾ ਉਹ ਪੰਨਾ ਹੈ, ਜਿਸ ਨੇ ਕੌਮ ਅੰਦਰ ਅਣਖ, ਜਜ਼ਬਾ ਤੇ ਦਿ੍ੜ੍ਹਤਾ ਪੈਦਾ ਕੀਤੀ | ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ ਅੰਮਿ੍ਤ ਵੇਲਾ ਸਮਾਗਮ 6 ਜੁਲਾਈ ਤੱਕ ਰੋਜ਼ਾਨਾ ਅੰਮਿ੍ਤ ਵੇਲੇ 3.00 ਵਜੇ ਤੋਂ 5.30 ਵਜੇ ਤੱਕ ਹੋਣਗੇ | ਉਨ੍ਹਾਂ ਪ੍ਰਧਾਨ ਸ਼੍ਰੋਮਣੀ ਕਮੇਟੀ, ਮੈਨੇਜਰ ਸ਼੍ਰੀ ਦਰਬਾਰ ਸਾਹਿਬ, ਹੈੱਡ ਗ੍ਰੰਥੀ ਗੁਰਦੁਆਰਾ ਬੀਬੀ ਕੌਲਾਂ ਜੀ ਅਤੇ ਸਮੂਹ ਸੇਵਾਦਾਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਭਾਈ ਅਮਤੇਸ਼ਵਰ ਸਿੰਘ, ਭਾਈ ਰੋਬਿਨ ਸਿੰਘ, ਭਾਈ ਅਵਤਾਰ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਸਿਮਰਨਜੀਤ ਸਿੰਘ ਸਮੇਤ ਹੋਰ ਸੰਗਤਾਂ ਹਾਜ਼ਰ ਸਨ |