ਅੰਮਿ੍ਤਸਰ, 16 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਅੰਮਿ੍ਤਸਰ ਸੇਵਾ ਕੇਂਦਰ ਵਲੋਂ ਵਿਦਿਆ ਸਾਗਰ ਮਾਨਸਿਕ ਸਿਹਤ ਸੰਸਥਾ ਵਿਖੇ ਰਾਜਯੋਗ ਰਾਹੀਂ ਮਨ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਤਰੀਕੇ ਬਾਰੇ ਇਕ ਅਧਿਆਤਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਨਰਸਿੰਗ ਸਿਖਲਾਈ ਲਈ ਆਏ ਲਗਪਗ 250 ਵਿਦਿਆਰਥੀਆਂ ਨੇ ਪ੍ਰੋਗਰਾਮ ਦਾ ਲਾਭ ਉਠਾਇਆ | ਇਸ 'ਚ ਮੈਡੀਕਲ ਕਾਲਜ ਤੋਂ ਵਿਸ਼ੇਸ਼ ਤੌਰ 'ਤੇ ਆਏ ਡਾ. ਵਿਜੇ ਲਕਸ਼ਮੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਅਤੇ ਪ੍ਰਮਾਤਮਾ ਦੀ ਅਸਲ ਪਛਾਣ ਨੂੰ ਜਾਣਨ ਨਾਲ, ਸਾਡਾ ਮਨ ਬਹੁਤ ਸ਼ਕਤੀਸ਼ਾਲੀ ਹੋ ਜਾਂਦਾ ਹੈ ਤੇ ਕਿਸੇ ਵੀ ਸਥਿਤੀ 'ਚ ਭਟਕਾਏ ਬਿਨਾਂ ਇਹ ਹਰ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰ ਲੈਂਦਾ ਹੈ | ਮਾਨਸਿਕ ਤੌਰ 'ਤੇ ਬਿਮਾਰਾਂ ਦੀ ਪਿਆਰ ਅਤੇ ਦਿਲ ਨਾਲ ਸੇਵਾ ਕਰਨ ਨਾਲ, ਅਸੀਸਾਂ ਦਾ ਲੇਖਾ ਆਸਾਨੀ ਨਾਲ ਇਕੱਠਾ ਹੋ ਜਾਂਦਾ ਹੈ, ਜੋ ਸਾਨੂੰ ਸਭ ਤੋਂ ਮੁਸ਼ਕਲ ਸਥਿਤੀਆਂ ਨੂੰ ਆਸਾਨੀ ਨਾਲ ਪਾਰ ਕਰਨ 'ਚ ਬਹੁਤ ਮਦਦ ਕਰਦਾ ਹੈ | ਬ੍ਰਹਮਾ ਕੁਮਾਰ ਭਰਾਤਾ ਪਵਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣਾ ਪੂਰਾ ਧਿਆਨ ਟੀਚੇ 'ਤੇ ਕੇਂਦਰਿਤ ਕਰਨਾ ਚਾਹੀਦਾ ਹੈ | ਸਾਡੇ ਮਨ ਦੀ ਨਜ਼ਰ ਹਮੇਸ਼ਾ ਨਿਸ਼ਾਨੇ 'ਤੇ ਟਿਕੀ ਹੋਣੀ ਚਾਹੀਦੀ ਹੈ ਅਤੇ ਇਹ ਸਫਲਤਾ ਦਾ ਮੰਤਰ ਹੈ | ਅਜਿਹੀ ਸਥਿਤੀ 'ਚ ਮਨ ਨੂੰ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ | ਪੋ੍ਰਗਰਾਮ 'ਚ ਮਨ ਨੂੰ ਮਜ਼ਬੂਤ ਬਣਾਉਣ ਲਈ ਰਾਜ ਯੋਗ ਅਭਿਆਸ ਵੀ ਕਰਵਾਇਆ ਗਿਆ |