ਅੰਮਿ੍ਤਸਰ, 16 ਜੂਨ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਵਸ ਮੌਕੇ ਦੀਵਾਨ ਮੁੱਖ ਦਫ਼ਤਰ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਪੰਥਕ ਏਕਤਾ ਤੇ ਪੰਥ ਤੇ ਦੀਵਾਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੰਗਤਾਂ ਨੂੰ ਆਪਣੇ ਇਤਿਹਾਸ, ਮੂਲ ਪੰਥਕ ਅਸੂਲਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨਾਲ ਜੁੜੇ ਰਹਿਣ ਦਾ ਸੰਦੇਸ਼ ਭੇਜਿਆ | ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਤੇ ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਿੱਖੀ ਦੀ ਮਰਿਆਦਾ ਤੇ ਅਧਿਆਤਮਕ ਸ਼ਕਤੀ ਦਾ ਕੇਂਦਰ ਹੀ ਨਹੀਂ ਸਗੋਂ ਖਾਲਸੇ ਦੀ ਸੁਤੰਤਰ ਨਿਆਰੀ ਹੋਂਦ, ਪੰਥਕ ਏਕਤਾ, ਸਾਂਝੀ ਸੋਚ ਅਤੇ ਆਤਮਿਕ ਉਚਾਈ ਨੂੰ ਬਣਾਈ ਰੱਖਣ ਵਾਲਾ ਕੇਂਦਰ ਵੀ ਹੈ | ਵਧੀਕ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਅਤੇ ਹਰਵਿੰਦਰ ਪਾਲ ਸਿੰਘ ਚੁੱਘ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਹਮੇਸ਼ਾਂ ਤੋਂ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਰਹੇਗਾ | ਇਸ ਮੌਕੇ ਆਨਰੇਰੀ ਸੰਯੁਕਤ ਸਕੱਤਰ ਇੰਜੀ. ਜਸਪਾਲ ਸਿੰਘ, ਡਾ. ਆਤਮਜੀਤ ਸਿੰਘ ਬਸਰਾ, ਹਰਮਨਜੀਤ ਸਿੰਘ, ਆਦਰਸ਼ਪਿੰਦਰ ਸਿੰਘ ਮਾਨ, ਸਰਜੋਤ ਸਿੰਘ ਸਾਹਨੀ, ਗੁਰਬਖਸ਼ ਸਿੰਘ ਬੇਦੀ, ਮਹਿੰਦਰ ਸਿੰਘ, ਤਰਲੋਚਨ ਸਿੰਘ, ਬਲਵਿੰਦਰ ਸਿੰਘ ਬਵੇਜਾ ਤੇ ਪਿ੍ੰ: ਡਾ. ਜਸਵਿੰਦਰ ਕੌਰ ਮਾਹਲ ਸਮੇਤ ਦੀਵਾਨ ਦੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ |