ਛੇਹਰਟਾ, 16 ਜੂਨ (ਪੱਤਰ ਪ੍ਰੇਰਕ)-ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ (ਜੇ. ਪੀ. ਐੱਮ. ਓ.) ਅਤੇ ਓ. ਸੀ. ਐੱਮ. ਵਰਕਰ ਯੂਨੀਅਨ ਦੇ ਸਹਿਯੋਗ ਨਾਲ ਇਕ ਵਿਸ਼ਾਲ ਕਨਵੈਨਸ਼ਨ ਇਕ ਨਿੱਜੀ ਮਿਲ ਦੇ ਬਾਹਰ ਛੇਹਰਟਾ ਵਿਖੇ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ, ਮੁਲਾਜ਼ਮ ਅਤੇ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ | ਇਸ ਮੌਕੇ ਕਾਮਰੇਡ ਕ੍ਰਿਪਾਲ ਸਿੰਘ ਗਿੱਲ ਵਲੋਂ ਕਨਵੈਨਸ਼ਨ ਚਲਾਉਣ ਦਾ ਜਿੰਮਾ ਸੰਭਾਲਿਆ ਅਤੇ ਕਨਵੈਨਸ਼ਨ ਦਾ ਏਜੰਡਾ ਦੱਸਦਿਆਂ ਕਿਹਾ ਕਿ ਓ.ਸੀ.ਐੱਮ. ਵਰਕਰ ਯੂਨੀਅਨ ਵਲੋਂ ਜੋ ਮੈਨੇਜਮੈਂਟ ਨੂੰ ਮੰਗ ਪੱਤਰ ਦਿੱਤਾ ਗਿਆ ਹੈ | ਕਾਮਰੇਡ ਨੱਥਾ ਸਿੰਘ ਨੇ ਸੰਬੋਧਨ ਕਰਦਿਆਂ ਮਿਤੀ 9 ਜੁਲਾਈ ਦੀ ਹੜਤਾਲ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ਇਹ ਹੜਤਾਲ ਵਰਕਰਾਂ ਦੀ ਭਲਾਈ ਲਈ ਬਣੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰਨ ਦੇ ਵਿਰੋਧ ਵਿਚ 12 ਘੰਟੇ ਡਿਊਟੀ ਕਰਨ ਅਤੇ ਕੱਚੇ ਵਰਕਰਾਂ ਨੂੰ ਪੱਕੇ ਕਰਨ ਅਤੇ ਪਿਛਲੇ 12 ਸਾਲਾਂ ਤੋਂ ਉਜਰਤਾਂ ਦੇ ਵਾਧੇ ਨਾ ਹੋਣ ਦੇ ਵਿਰੋਧ ਵਿਚ ਕੀਤੀ ਜਾ ਰਹੀ ਹੈ | ਉਨ੍ਹਾਂ ਸਮੂਹ ਮਿਹਨਤ ਕਰਨ ਵਾਲੇ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ | ਓ.ਸੀ.ਐੱਮ. ਵਰਕਰ ਯੂਨੀਅਨ ਦੇ ਜਰਨਲ ਸਕੱਤਰ ਵਿਜੇ ਕੁਮਾਰ ਨੇ ਆਪਣੇ ਸੰਘਰਸ਼ਾਂ, ਪ੍ਰਾਪਤੀਆਂ ਅਤੇ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਬਾਰੇ ਗੱਲਬਾਤ ਕੀਤੀ | ਕਾਮਰੇਡ ਮੰਗਤ ਰਾਮ ਪਾਸਲਾ ਨੇ ਦੇਸ਼ 'ਤੇ ਰਾਜ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਲੰਬੇ ਹੱਥੀ ਲੈਂਦਿਆ ਕਿਹਾ ਕਿ ਦੇਸ਼ ਵਿਚ ਇਕ ਧਰਮ ਦਾ ਰਾਜ ਦਾ ਪ੍ਰਚਾਰ ਕਰਕੇ ਲੋਕਾਂ ਵਿਚ ਵੰਡੀਆਂ ਪਾ ਰਹੀ ਹੈ | ਔਰਤਾਂ, ਦਲਿਤਾਂ, ਮੁਸਲਮਾਨਾਂ, ਇਸਾਈਆਂ ਅਤੇ ਦੇਸ਼ ਦੇ ਘੱਟ ਗਿਣਤੀਆਂ 'ਤੇ ਤਸ਼ਦਦ ਕੀਤੇ ਜਾ ਰਹੇ ਹਨ ਅਤੇ ਇਹ ਸਿਰਫ ਲੋਕਾਂ ਨੂੰ ਲੜਾ ਕੇ ਆਪਣੀ ਰਾਜ ਸਤਾ ਕਾਇਮ ਰੱਖਣੀ ਚਾਹੁੰਦੇ ਹਨ | ਇਸ ਕਨਵੈਨਸ਼ਨ ਨੂੰ ਭਾਰਤੀ ਇਨਕਲਾਬੀ ਮਾਰਕਵਾਦੀ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਨੇ ਆਪਣੇ ਵਡਮੁੱਲੇ ਵਿਚਾਰ ਰੱਖੇ | ਇਸ ਤੋਂ ਇਲਾਵਾ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਨ ਵਾਲਿਆਂ 'ਚ ਕਾਮਰੇਡ ਮੰਗਲ ਸਿੰਘ ਟਾਂਡਾ, ਕਾਮਰੇਡ ਰਤਨ ਸਿੰਘ ਰੰਧਾਵਾ, ਕਾਮਰੇਡ ਬਲਵਿੰਦਰ ਸਿੰਘ, ਕਾਮਰੇਡ ਵਿਜੇ ਕੁਮਾਰ ਨੰਦਾ, ਕਾਮਰੇਡ ਅਮੋਲਕ ਸਿੰਘ, ਕਾਮਰੇਡ ਸਰਬਜੀਤ ਸਿੰਘ ਹੈਰੀ, ਕਾਮਰੇਡ ਗੁਰਮੀਤ ਮਾਨ, ਕਾਮਰੇਡ ਸੁਖਦੇਵ ਰਾਜ ਕਾਲੀਆ, ਕਾਮਰੇਡ ਨਰਿੰਦਰ ਸਿੰਘ, ਗੁਰਚਰਨ ਕੌਰ, ਮੰਗਲ ਸਿੰਘ ਟਾਂਡਾ, ਸੁੱਚਾ ਸਿੰਘ ਟਰਪਈ ਤੋਂ ਇਲਾਵਾ ਭਾਰੀ ਗਿਣਤੀ ਵਿਚ ਵਰਕਰ ਹਾਜ਼ਰ ਸਨ | ਇਸ ਕਨਵੈਨਸ਼ਨ ਦਾ ਪ੍ਰਬੰਧ ਸੁਸ਼ੀਲ ਕੁਮਾਰ, ਸਵਿੰਦਰ, ਹੀਰਾ ਸਿੰਘ ਗਿੱਲ, ਨਰਸਿੰਗ ਯਾਦਵ, ਹੀਰਾ ਸਿੰਘ ਅਹੁਦੇਦਾਰ ਓ.ਸੀ.ਐੱਮ. ਵਰਕਰ ਯੂਨੀਅਨ ਨੇ ਪੂਰੀ ਤਨਦੇਹੀ ਨਾਲ ਸੰਭਾਲਿਆ | ਇਸ ਕਨਵੈਨਸ਼ਨ ਦੀ ਪ੍ਰਧਾਨਗੀ ਕਰ ਰਹੇ ਸਾਥੀ ਅਰਜਨ ਸਿੰਘ ਪ੍ਰਧਾਨ ਓ. ਸੀ.ਐੱਮ. ਵਰਕਰ ਯੂਨੀਅਨ ਵਲੋਂ ਅਖ਼ੀਰ ਵਿਚ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਾਰੇ ਸ਼ਾਮਿਲ ਸਾਥੀਆਂ ਦਾ ਧੰਨਵਾਦ ਕੀਤਾ |