ਅੰਮਿ੍ਤਸਰ, 17 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀਆਂ ਹਦਾਇਤਾਂ 'ਤੇ ਅਸਟੇਟ ਵਿਭਾਗ ਦੀ ਟੀਮ ਵਲੋਂ ਸਰਕਾਰੀ ਜਗ੍ਹਾ 'ਤੇ ਕਬਜ਼ਾ ਕਰਕੇ ਗੇਟ ਲਗਾਉਣ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਕਤ ਨੂੰ ਹਟਾ ਦਿੱਤਾ ਗਿਆ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਸਥਾਨਕ ਬਟਾਲਾ ਰੋਡ ਸੈਲੀਬਰੇਸ਼ਨ ਮਾਲ ਦੇ ਪਿਛਲੇ ਪਾਸੇ ਕਿਸੇ ਵਲੋਂ ਨਗਰ ਨਿਗਮ ਦੀ ਜ਼ਮੀਨ 'ਤੇ ਗੇਟ ਲਗਾ ਦਿੱਤਾ ਗਿਆ ਸੀ, ਜਿਸ ਦੀ ਸ਼ਿਕਾਇਤ ਨਿਗਮ ਕਮਿਸ਼ਨਰ ਕੋਲ ਪਹੁੰਚਣ 'ਤੋਂ ਬਾਅਦ ਅਸਟੇਟ ਵਿਭਾਗ ਦੀ ਟੀਮ ਵਲੋਂ ਉਕਤ ਗੇਟ ਨੂੰ ਤੋੜ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਇਸ ਟੀਮ ਵਲੋਂ ਇਸੇ ਇਲਾਕੇ ਵਿਚ ਸੜਕ ਦੀ ਜਗ੍ਹਾ 'ਤੇ ਲਗਾਈਆਂ ਰੇਹੜੀਆਂ ਫੜ੍ਹੀਆਂ ਵਾਲਿਆਂ ਨੂੰ ਆਪਣੀਆਂ ਰੇਹੜੀਆਂ ਫੜ੍ਹੀਆਂ ਹਟਾਉਣ ਲਈ ਸਪੀਕਰ ਦੀ ਮਦਦ ਨਾਲ ਚੇਤਾਵਨੀ ਦਿੱਤੀ ਗਈ |