ਅੰਮਿ੍ਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਮਲਵੀਆ ਮਿਸ਼ਨ ਅਧਿਆਪਕ ਸਿਖਲਾਈ ਪ੍ਰੋਗਰਾਮ ਦੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ.-ਮਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਵਿਖੇ ਪ੍ਰੋ. (ਡਾ.) ਕਰਮਜੀਤ ਸਿੰਘ ਉਪ ਕੁਲਪਤੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਕਰਵਾਏ ਗਏ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੇ ਸਮਾਪਤੀ ਸੈਸ਼ਨ 'ਚ ਮੁੱਖ ਮਹਿਮਾਨ ਵਜੋਂ ਪੁੁੱੱਜੇ ਪ੍ਰੋ. (ਡਾ.) ਕੇ. ਐੱਸ. ਚਾਹਲ, ਰਜਿਸਟਰਾਰ ਨੇ ਕਿਹਾ ਕਿ ਨਿਰੰਤਰ ਸਿੱਖਦੇ ਰਹਿਣਾ ਇਕ ਪ੍ਰਬੁੱਧ ਅਧਿਆਪਕ ਦੀ ਨਿਸ਼ਾਨੀ ਹੁੰਦੀ ਹੈ | ਆਉਣ ਵਾਲੀ ਪੀੜ੍ਹੀ ਵਿਚ ਕਦਰਾਂ ਕੀਮਤਾਂ ਅਤੇ ਉਨ੍ਹਾਂ ਦੇ ਅਨੁਭਵ ਵਿਚ ਅਮੀਰੀ ਲਿਆਉਣੀ ਇਕ ਅਧਿਆਪਕ ਦਾ ਅਹਿਮ ਕਾਰਜ ਹੁੰਦਾ ਹੈ | ਇਸ ਮੌਕੇ ਪ੍ਰਸਿੱਧ ਅਕਾਦਮਿਕ ਸ਼ਖ਼ਸੀਅਤਾਂ ਅਤੇ ਸਿੱਖਿਆਰਥੀਆਂ ਨੇ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਦਾ ਉਦੇਸ਼ ਨਵ-ਨਿਯੁਕਤ ਫੈਕਲਟੀ ਮੈਂਬਰਾਂ ਨੂੰ ਅਧਿਆਪਨ ਰਣਨੀਤੀਆਂ, ਸੰਸਥਾਗਤ ਢਾਂਚਿਆਂ ਤੇ ਰਾਸ਼ਟਰੀ ਸਿੱਖਿਆ ਨੀਤੀ ਦੇ ਦਿ੍ਸ਼ਟੀਕੋਣ ਨਾਲ ਲੈਸ ਕਰਨਾ ਸੀ, ਤਾਂ ਜੋ ਉਹ ਅਕਾਦਮਿਕ ਖੇਤਰ 'ਚ ਪ੍ਰਭਾਵੀ ਯੋਗਦਾਨ ਪਾ ਸਕਣ | ਪ੍ਰੋ. (ਡਾ.) ਅਸ਼ਵਨੀ ਲੂਥਰਾ, ਕੋਰਸ ਕੋਆਰਡੀਨੇਟਰ ਨੇ ਫੈਕਲਟੀ ਮੈਂਬਰਾਂ ਦੀ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਅਤੇ ਅਧਿਆਪਨ ਵਿਧੀਆਂ ਅਤੇ ਅਕਾਦਮਿਕ ਲੀਡਰਸ਼ਿਪ ਨੂੰ ਵਧਾਉਣ 'ਚ ਪ੍ਰੋਗਰਾਮ ਦੀ ਮਹੱਤਤਾ ਨੂੰ ਦੁਹਰਾਇਆ | ਪ੍ਰੋ. (ਡਾ.) ਮਨਿੰਦਰ ਲਾਲ ਸਿੰਘ, ਡਾਇਰੈਕਟਰ, ਯੂਜੀਸੀ-ਮਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਨੇ ਪ੍ਰੋਗਰਾਮ ਦੀ ਸਫਲਤਾ ਲਈ ਸਾਰੇ ਹਿੱਸੇਦਾਰਾਂ, ਜਿਨ੍ਹਾਂ 'ਚ ਮਾਹਰ ਵਕਤਾ, ਪ੍ਰਸ਼ਾਸਨਿਕ ਸਟਾਫ਼ ਤੇ ਸਿੱਖਿਆਰਥੀ ਸ਼ਾਮਿਲ ਸਨ, ਦਾ ਧੰਨਵਾਦ ਕੀਤਾ |