ਸਠਿਆਲਾ, 18 ਜੂਨ (ਜਗੀਰ ਸਿੰਘ ਸਫਰੀ)-ਗ੍ਰਾਮ ਪੰਚਾਇਤ ਨਾਨਕਸਰ ਸਠਿਆਲਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪੰਚ ਗੁਰਜਿੰਦਰ ਸਿੰਘ ਗਿੰਦਾ ਵਲੋਂ ਗੋਪੀ ਕੀ ਪੱਤੀ ਵਿਖੇ 20 ਰੋਜ਼ਾ ਥੀਏਟਰ ਵਰਕਸ਼ਾਪ ਸ਼ੁਰੂ ਕੀਤੀ ਗਈ ਹੈ | ਇਸ ਬਾਰੇ ਸਰਪੰਚ ਗੁਰਜਿੰਦਰ ਸਿੰਘ ਗਿੰਦਾ ਨੇ ਦੱਸਿਆ ਹੈ ਕਿ 30 ਜੂਨ ਤੱਕ ਚੱਲਣ ਵਾਲੀ ਇਸ ਵਰਕਸ਼ਾਪ ਵਿਚ ਥੀਏਟਰ ਐਂਡ ਟੈਲੀਵਿਜ਼ਨ ਪ੍ਰੋਡਕਸ਼ਨ ਵਿਚ ਗੋਲਡ ਮੈਡਲਿਸਟ ਮਾਸਟਰ ਪਿ੍ਤਪਾਲ ਸਿੰਘ ਸਠਿਆਲਾ ਵਲੋਂ ਬੱਚਿਆਂ ਨੂੰ ਅਦਾਕਾਰੀ ਦੇ ਗੁਣ ਸਿਖਾਏ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਇਸ ਫੀਲਡ ਵਿਚ ਬੱਚਿਆਂ ਨੂੰ ਅੱਗੇ ਵਧਣ ਲਈ ਸੁਨਿਹਰੀ ਮੌਕਾ ਮਿਲ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਬੱਚੇ ਲੱਭਣ ਦੀ ਕੋਸ਼ਿਸ ਕੀਤੀ ਹੈ ਕਿ ਬੱਚਿਆਂ 'ਚ ਮਿਊਜ਼ਿਕ, ਲੇਖਕ, ਮੇਕ-ਅੱਪ ਆਰਟਿਸਟ, ਅਦਾਕਾਰ ਆਦਿ ਕਿਸੇ ਵੀ ਖੇਤਰ 'ਚ ਮਾਹਿਰ ਹੋਣ , ਉਨ੍ਹਾਂ ਬੱਚਿਆਂ ਦੀ ਕਲਾ ਨੂੰ ਨਿਖਾਰ ਕੇ ਅਜਿਹਾ ਮੌਕਾ ਪ੍ਰਦਾਨ ਕਰਨਾ ਹੈ, ਜਿਸ ਨਾਲ ਉਹ ਆਪਣਾ ਰੁਜ਼ਗਾਰ ਪੈਦਾ ਕਰ ਸਕਣ | ਇਸ ਮੌਕੇ ਤੇ ਨਾਟਕਕਾਰ ਮਾ: ਪਿ੍ਤਪਾਲ ਸਿੰਘ ਨੇ ਦੱਸਿਆ ਹੈ, ਇਸ ਵਰਕਸ਼ਾਪ 'ਚ 20 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਹੈ | ਇਸ ਮੌਕੇ ਤੇ ਗੁਰਚਰਨ ਸਿੰਘ, ਅਭੈ, ਅਕਾਸ਼, ਰਵਿੰਦਰ ਤੇ ਗੁਰਪ੍ਰਤਾਪ ਆਦਿ ਹਾਜ਼ਰ ਸਨ |