10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਸੋਨੇ-ਚਾਂਦੀ ਦੀਆਂ ਕੀਮਤਾਂ ਆਸਮਾਨੇ ਚੜ੍ਹਨ ਕਾਰਨ ਸਰਾਫਾ ਬਾਜ਼ਾਰ 'ਚ ਪਸਰਿਆ ਸੰਨਾਟਾ

ਅਜੀਤ ਡੈਸਕ 20-06-2025

ਅੰਮਿ੍ਤਸਰ, 19 ਜੁੂਨ (ਰਾਜੇਸ਼ ਕੁਮਾਰ ਸ਼ਰਮਾ)-ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ | 10 ਗ੍ਰਾਮ ਸੋਨਾ 1 ਲੱਖ ਤੋਂ ਵੱਧ ਹੋ ਗਿਆ ਹੈ, ਜਦੋਂ ਕਿ ਇਕ ਕਿਲੋ ਚਾਂਦੀ ਵੀ ਇਕ ਲੱਖ ਤੋਂ ਪਾਰ ਵਿਕ ਰਹੀ ਹੈ, ਜਿਸ ਕਾਰਨ ਗਾਹਕ ਹੁਣ ਖਰੀਦਦਾਰੀ ਕਰਨ ਤੋਂ ਝਿਜਕ ਰਹੇ ਹਨ, ਜਿਸ ਨਾਲ ਵਪਾਰੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ | ਗਹਿਣਿਆਂ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਕਾਰਨ ਗਾਹਕ ਬਾਜ਼ਾਰ 'ਚ ਨਹੀਂ ਆ ਰਹੇ ਹਨ | ਦੁਕਾਨਦਾਰ ਵਿਹਲੇ ਬੈਠੇ ਹਨ ਅਤੇ ਉਨ੍ਹਾਂ ਦੀ ਆਮਦਨ 'ਤੇ ਡੂੰਘਾ ਪ੍ਰਭਾਵ ਪਿਆ ਹੈ | ਸੋਨੇ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਅੰਮਿ੍ਤਸਰ ਦੇ ਜਿਊਲਰਾਂ ਦੇ ਕਾਰੋਬਾਰ ਨੂੰ ਵੀ ਕਾਫ਼ੀ ਪ੍ਰਭਾਵਿਤ ਕਰ ਰਿਹਾ ਹੈ | ਸੋਨੇ ਦੀਆਂ ਕੀਮਤਾਂ 'ਚ ਵਾਧੇ ਕਾਰਨ ਮੰਗ ਬਹੁਤ ਘੱਟ ਗਈ ਹੈ | ਗਾਹਕ ਸੋਨੇ ਦੀ ਖਰੀਦ ਨੂੰ ਮੁਲਤਵੀ ਕਰ ਰਹੇ ਹਨ, ਜਾਂ ਜੇ ਉਹ ਖਰੀਦ ਰਹੇ ਹਨ, ਤਾਂ ਉਹ ਘੱਟ ਮਾਤਰਾ 'ਚ ਖਰੀਦ ਰਹੇ ਹਨ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸਵਰਨਕਾਰ ਸੰਘ ਵਨ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾਹ ਨੇ ਦੱਸਿਆ ਕਿ ਸੰਸਾਰਕ ਉੱਥਲ-ਪੁੱਥਲ ਕਾਰਨ ਸੋਨੇ ਦੀ ਕੀਮਤ ਤੇਜੀ ਨਾਲ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਬਾਜ਼ਾਰ 'ਚ ਸੰਕਟ ਪੈਦਾ ਹੋ ਸਕਦਾ ਹੈ | ਸੋਨੇ ਦੀਆਂ ਕੀਮਤਾਂ ਵਧਣ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇੰਪੋਰਟ ਡਿਊਟੀ, ਅਮਰੀਕਾ 'ਚ ਟਰੰਪ ਸਰਕਾਰ ਦੀ ਟੈਰਿਫ ਨੀਤੀ ਆਦਿ ਸੋਨੇ 'ਚ ਮਹਿੰਗਾਈ ਦੇ ਕਾਰਨ ਬਣ ਰਹੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨ ਸਾਲਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਅਸਥਿਰਤਾ ਦੇਖੀ ਜਾ ਰਹੀ ਹੈ | ਮਈ 2023 'ਚ ਸੋਨੇ ਦੀ ਕੀਮਤ 55 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਸਾਲ ਦੇ ਅਖ਼ੀਰ ਤੱਕ 76 ਹਜ਼ਾਰ ਤੱਕ ਪਹੁੰਚ ਗਈ | ਇਸ ਤੋਂ ਬਾਅਦ ਇਹ ਡਿੱਗ ਕੇ 71,500 ਰੁਪਏ ਹੋ ਗਈ | ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 85,000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਘੱਟ ਕੇ 82,500 ਰੁਪਏ ਹੋ ਗਈ | ਦੋ ਸਾਲ ਪਹਿਲਾਂ ਚਾਂਦੀ ਦੀ ਕੀਮਤ 65,000 ਰੁਪਏ ਤੋਂ 70,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਿਚਕਾਰ ਸੀ | ਜਦਕਿ ਮੌਜੂਦ ਸਮੇਂ 'ਚ ਸੋਨਾ ਪ੍ਰਤੀ ਦੱਸ ਗ੍ਰਾਮ ਅਤੇ ਇਕ ਕਿਲੋਂ ਚਾਂਦੀ ਦੀਆਂ ਕੀਮਤਾਂ 1 ਲੱਖ ਤੋਂ ਵੀ ਪਾਰ ਹੋ ਗਈਆਂ ਹਨ ਅਤੇ ਦੀਵਾਲੀ ਤੱਕ ਸੋਨਾ 1 ਲੱਖ 25 ਹਜ਼ਾਰ ਰੁਪਏ ਪ੍ਰਤੀ ਦੱਸ ਗ੍ਰਾਮ ਤੱਕ ਪਹੁੰਚਣ ਦੀ ਪੂਰੀ ਸੰਭਾਵਨਾ ਹੈ |

ਪਿਛਲੀ ਖ਼ਬਰ ਐਸ. ਐਮ. ਸੀ. ਕਮੇਟੀਆਂ 'ਚ ਰਾਜਨੀਤਕ ਦਖ਼ਲਅੰਦਾਜ਼ੀ ਬੰਦ ਹੋਵੇ-ਚਾਹਲ, ਭਗਤ <br/> ਅਗਲੀ ਖ਼ਬਰ ਕੇ. ਐਮ. ਵੀ. ਕਾਲਜ ਵਿਖੇ ਬ੍ਰਾਜ਼ੀਲ ਤੋਂ ਆਏ ਫਰੈਂਚ ਅਧਿਆਪਕ ਮੈਡਮ ਜੂਲੀਆ ਦਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।