ਅੰਮਿ੍੍ਰਤਸਰ, 20 ਜੂਨ (ਹਰਮਿੰਦਰ ਸਿੰਘ)-ਪੁਰਾਣੀ ਕੇਂਦਰੀ ਜੇਲ੍ਹ ਦੀ ਜਗ੍ਹਾ 'ਚ ਪੁੱਡਾ ਵਲੋਂ ਤਿਆਰ ਕੀਤੀ ਗਈ ਸ੍ਰੀ ਗੁਰੂ ਰਾਮਦਾਸ ਅਰਬਨ ਅਸਟੇਟ 'ਚ ਮੌਜੂਦ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਵੀ ਪੁਰਾਣੀ ਜਗ੍ਹਾ ਤੋਂ ਤਬਦੀਲ ਕਰਕੇ ਨਵੀਂ ਜਗ੍ਹਾ 'ਤੇ ਬਣਾ ਦਿੱਤਾ ਗਿਆ ਹੈ ਅਤੇ 1 ਜੁਲਾਈ ਤੋਂ ਨਵੇਂ ਸਕੂਲ 'ਚ ਜਮਾਤਾਂ ਲੱਗਣ ਦੀ ਸੰਭਾਵਨਾ ਹੈ | ਅੰਮਿ੍ਤਸਰ ਦੀ ਕੇਂਦਰੀ ਜੇਲ੍ਹ ਨੂੰ ਅਜਨਾਲਾ ਰੋਡ ਤੋਂ ਤਬਦੀਲ ਕਰਕੇ ਫਤਾਹਪੁਰ ਵਿਖੇ ਬਣਾ ਦਿੱਤਾ ਗਿਆ ਹੈ | ਇਸ ਪੁਰਾਣੀ ਜੇਲ੍ਹ 'ਚ ਪੁੱਡਾ ਵਲੋਂ ਸ੍ਰੀ ਗੁਰੂ ਰਾਮ ਦਾਸ ਅਰਬਨ ਅਸਟੇਟ ਨਾਮਕ ਕਾਲੋਨੀ ਦਾ ਨਿਰਮਾਣ ਕਰ ਦਿੱਤਾ ਹੈ | ਉਕਤ ਜਗ੍ਹਾ 'ਚ ਪੁਰਾਣੇ ਸਮੇਂ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਚਲ ਰਿਹਾ ਹੈ | ਹੁਣ ਉਕਤ ਸਕੂਲ ਦੀ ਜਗ੍ਹਾ 'ਤੇ ਪੁੱਡਾ ਦੇ ਨਕਸ਼ੇ 'ਚ ਪਲਾਟ ਆਉਣ ਕਰਕੇ ਇਸ ਸਕੂਲ ਨੂੰ ਇਥੋਂ ਤਬਦੀਲ ਕਰਕੇ ਅਗਲੇ ਪਾਸੇ ਇਕ ਏਕੜ ਜਗ੍ਹਾ ਵਿਚ ਪੁੱਡਾ ਵਲੋਂ ਤਿਆਰ ਕਰਕੇ ਸਿਖਿਆ ਵਿਭਾਗ ਨੂੰ ਸੌਂਪਿਆ ਗਿਆ ਹੈ, ਪਰ ਸਕੂਲ ਦੀ ਚਾਰਦੀਵਾਰੀ ਸਮੇਤ ਕੁਝ ਹੋਰ ਕੰਮ ਹੋਣੇ ਅਜੇ ਬਾਕੀ ਹਨ | 1 ਜੁਲਾਈ ਤੋਂ ਇਸ ਨਵੇਂ ਸਕੂਲ ਵਿਚ ਵਿਦਿਆਰਥੀਆਂ ਦੀ ਜਮਾਤਾਂ ਲੱਗਣ ਦੀ ਸੰਭਾਵਨਾ ਹੈ | ਇਸ ਸੰਬੰਧ ਵਿਚ ਐਕਸੀਅਨ ਦਵਿੰਦਰ ਸੈਣੀ ਨੇ ਦੱਸਿਆ ਕਿ ਪੁਰਾਣੀ ਜੇਲ੍ਹ ਦੀ ਜਗ੍ਹਾ ਵਿਚ ਲੰਬੇ ਸਮੇਂ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਚਲ ਰਿਹਾ ਹੈ | ਹੁਣ ਪੁਰਾਣੇ ਸਕੂਲ ਦੀ ਜਗ੍ਹਾ 'ਤੇ ਮੌਜੂਦ ਪਲਾਟ ਉਨ੍ਹਾਂ ਦੇ ਅਲਾਟੀਆਂ ਨੂੰ ਸੌਂਪੇ ਜਾਣੇ ਹਨ, ਜਿਸ ਕਾਰਨ ਪੁੱਡਾ ਵਲੋਂ ਸਵਾ ਦੋ ਕਰੋੜ ਦੀ ਲਾਗਤ ਨਾਲ ਇਕ ਏਕੜ ਰਕਬੇ ਵਿਚ ਸਕੂਲ ਤਿਆਰ ਕਰਕੇ ਸਿੱਖਿਆ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ | ਸਿੱਖਿਆ ਅਧਿਕਾਰੀਆਂ ਵਲੋਂ ਸਕੂਲ 'ਚ ਜੋ ਕੰਮ ਰਹਿੰਦੇ ਹਨ ਉਸਦਾ ਵੇਰਵਾ ਦਿੱਤਾ ਹੈ ਜਿਸ ਦੇ ਆਧਾਰ 'ਤੇ ਬਾਕੀ ਕੰਮ ਵੀ ਕਰਾ ਕੇ ਦਿੱਤੇ ਜਾਣਗੇ ਅਤੇ ਜਦੋਂ ਤੱਕ ਚਾਰਦੀਵਾਰੀ ਨਹੀਂ ਹੁੰਦੀ ਉਨ੍ਹੇ ਸਮੇਂ ਤੱਕ ਪੁੱਡਾ ਵਲੋਂ ਸਕੂਲ ਦੀ ਸੁਰਖਿਆ ਦੀ ਜ਼ਿੰਮੇਵਾਰੀ ਲਈ ਹੈ ਅਤੇ ਉਥੇ ਪੱਕੇ ਤੌਰ 'ਤੇੇ ਸੁਰਖਿਆ ਕਰਮਚਾਰੀਆਂ ਨੂੰ ਰੱਖਿਆ ਗਿਆ ਹੈ |