ਅੰਮਿ੍ਤਸਰ, 20 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵਲੋਂ ਚਲਾਏ ਜਾ ਰਹੇ ਜਲ ਸ਼ਕਤੀ ਅਭਿਆਨ ਦੀ ਇਕ ਟੀਮ ਨੇ ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਲੋਕਾਂ ਨੂੰ ਸਾਫ਼ ਪਾਣੀ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਸ਼ੁਰੂ ਕੀਤੇ ਗਏ ਅੰਮਿ੍ਤਸਰ ਬਲਕ ਵਾਟਰ ਸਪਲਾਈ ਸਕੀਮ (ਏ. ਬੀ. ਡਬਲਿਊ. ਐੱਸ. ਐੱਸ.) ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਬਣਾਏ ਜਾ ਰਹੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ | ਤਿੰਨ ਮੈਂਬਰੀ ਟੀਮ 'ਚ ਜਲ ਸ਼ਕਤੀ ਅਭਿਆਨ ਦੇ ਡਿਪਟੀ ਮੁੱਖ ਕਾਰਜਕਾਰੀ ਅਧਿਕਾਰੀ ਭਾਰਤ ਭੂਸ਼ਣ ਵਰਮਾ, ਵਿਗਿਆਨੀ ਡਾ. ਸ਼ਸ਼ੀਕਾਂਤ ਅਤੇ ਜ਼ਿਲ੍ਹਾ ਨੋਡਲ ਅਧਿਕਾਰੀ ਸਤਨਾਮ ਸਿੰਘ ਸ਼ਾਮਿਲ ਸਨ | ਇਸ ਮੌਕੇ ਸੀਨੀਅਰ ਨਿਰਮਾਣ ਮੈਨੇਜਰ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਏ. ਬੀ. ਡਬਲਿਊ. ਐੱਸ. ਐੱਸ. ਪ੍ਰੋਜੈਕਟ ਤਹਿਤ ਆਉਣ ਵਾਲੇ ਸਮੇਂ 'ਚ ਅੱਪਰ ਬਾਰੀ ਦੁਆਬ ਨਹਿਰ ਦਾ ਪਾਣੀ ਸਾਫ਼ ਕਰਕੇ ਸ਼ਹਿਰ ਦੇ ਹਰ ਘਰ ਤੱਕ ਪਹੁੰਚਾਇਆ ਜਾਵੇਗਾ, ਜਿਸ ਲਈ ਇਕ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਅਤੇ 45 ਪਾਣੀ ਦੀਆਂ ਟੈਂਕੀਆਂ ਦੀ ਉਸਾਰੀ ਦੇ ਨਾਲ-ਨਾਲ 112 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ | ਇਸ ਮੌਕੇ ਭਾਰਤ ਭੂਸ਼ਣ ਵਰਮਾ ਨੇ ਕਿਹਾ ਕਿ ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਡਿੱਗ ਰਿਹਾ ਹੈ ਅਤੇ ਪੰਜਾਬ ਦੇ 153 ਬਲਾਕਾਂ 'ਚੋਂ 117 ਨੂੰ ਡਾਰਕ ਜ਼ੋਨ ਐਲਾਨਿਆ ਗਿਆ ਹੈ, ਜਿਨ੍ਹਾਂ ਵਿਚੋਂ ਅੰਮਿ੍ਤਸਰ ਦੇ ਸਾਰੇ ਦਸ ਬਲਾਕ ਵੀ ਡਾਰਕ ਜ਼ੋਨ 'ਚ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਸ਼ਹਿਰ 'ਚ ਪਾਣੀ ਦੀ ਸਪਲਾਈ ਏ. ਬੀ. ਡਬਲਿਊ. ਐੱਸ. ਐੱਸ. ਪ੍ਰੋਜੈਕਟ ਰਾਹੀਂ ਧਰਤੀ ਹੇਠਲੇ ਪਾਣੀ ਦੀ ਥਾਂ ਸਤਹੀ ਪਾਣੀ ਤੋਂ ਕੀਤੀ ਜਾਵੇਗੀ |