ਕਪੂਰਥਲਾ, 20 ਜੂਨ (ਅਮਰਜੀਤ ਕੋਮਲ)-ਕੇਂਦਰ ਸਰਕਾਰ ਦੇ ਇਲੈਕਟ੍ਰੋਨਿਕਸ ਤੇ ਆਈ.ਟੀ. ਮੰਤਰਾਲੇ ਵਲੋਂ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਨੂੰ ਵਿਸ਼ੇਸ਼ ਖੋਜ ਲਈ 84 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ | ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਦੱਸਿਆ ਕਿ ਵਿਸ਼ਵੇਸ਼ਵਰੀਆ ਪੀ.ਐਚ.ਡੀ. ਸਕੀਮ ਅਧੀਨ ਜਾਰੀ ਇਹ ਗ੍ਰਾਂਟ ਇਕ ਪੋਸਟ ਡਾਕਟਰੇਲ ਫੈਲੋਸ਼ਿਪ (ਪੀ.ਡੀ.ਐਫ.) ਤੇ ਦੋ ਪੀ.ਐਚ.ਡੀ. ਫੈਲੋਸ਼ਿਪ 'ਤੇ ਖ਼ਰਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰਾਲੇ ਵਲੋਂ ਇਨ੍ਹਾਂ ਦੋਵਾਂ ਫੈਲੋਸ਼ਿਪ ਲਈ ਮਨਜ਼ੂਰ ਕੀਤੀ ਗ੍ਰਾਂਟ ਸਬੰਧੀ ਪ੍ਰਵਾਨਗੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਗ੍ਰਾਂਟ ਨਾਲ ਯੂਨੀਵਰਸਿਟੀ ਵਿਚ ਖੋਜ ਦੇ ਕਾਰਜਾਂ ਨੂੰ ਹੋਰ ਬੜ੍ਹਾਵਾ ਦੇਣਾ ਹੈ | ਉਨ੍ਹਾਂ ਡੀਨ (ਆਰ.ਐਂਡ.ਡੀ) ਪ੍ਰੋ. ਵਾਈ.ਐਸ. ਬਰਾੜ, ਰਜਿਸਟਰਾਰ ਡਾ. ਨਵਦੀਪਕ ਸੰਧੂ, ਡਿਪਟੀ ਡੀਨ ਡਾ. ਰਾਜੀਵ ਕੁਮਾਰ ਬੇਦੀ, ਸਹਾਇਕ ਰਜਿਸਟਰਾਰ ਡਾ. ਵਿਵੇਕ ਤਲਵਾੜ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ | ਉਪ ਕੁਲਪਤੀ ਨੇ ਕਿਹਾ ਕਿ ਕੇਂਦਰੀ ਆਈ.ਟੀ. ਮੰਤਰਾਲੇ ਵਲੋਂ ਸ਼ੁਰੂ ਕੀਤੀ ਗਈ ਵਿਸ਼ਵੇਸ਼ਵਰਿਆ ਪੀ.ਐਚ.ਡੀ. ਸਕੀਮ ਦਾ ਉਦੇਸ਼ ਦੇਸ਼ ਵਿਚ ਖੋਜ ਕਾਰਜਾਂ ਦੀ ਗਿਣਤੀ ਵਧਾਉਣਾ ਹੈ | ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਪੂਰੇ ਸਮੇਂ ਤੇ ਪਾਰਟ ਟਾਈਮ ਪੀ.ਐਚ.ਡੀ. ਕਰਨ ਵਾਲੇ ਉਮੀਦਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਜੋ ਖੋਜ ਤੇ ਤਕਨਾਲੋਜੀ ਵਿਕਾਸ ਦੇ ਵਿਸ਼ੇ 'ਤੇ ਪਹਿਲਾਂ ਹੀ ਕਾਰਜਸ਼ੀਲ ਹਨ | ਵਰਨਣਯੋਗ ਹੈ ਕਿ ਵਿਸ਼ਵੇਸ਼ਵਰੀਆ ਪੀ.ਐਚ.ਡੀ. ਸਕੀਮ ਦੇ ਦੂਜੇ ਪੜਾਅ ਨੂੰ ਕੇਂਦਰ ਸਰਕਾਰ ਵਲੋਂ 2021 ਵਿਚ 481.93 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਸੀ | ਜਿਸ ਦਾ ਮੰਤਵ 1000 ਕੁਲਵਕਤੀ ਪੀ.ਐਚ.ਡੀ. ਉਮੀਦਵਾਰਾਂ, 150 ਪਾਰਟ ਟਾਈਮ ਪੀ.ਐਚ.ਡੀ. ਉਮੀਦਵਾਰਾਂ, 50 ਯੰਗ ਫੈਕਲਟੀ ਰਿਸਰਚ ਫੈਲੋਸ਼ਿਪ ਤੇ 225 ਪੋਸਟ ਡਾਕਟਰੇਲ ਫੈਲੋਸ਼ਿਪਾਂ ਨੂੰ ਯੋਗ ਸਹਾਇਤਾ ਦੇਣਾ ਸੀ | ਇਸੇ ਦੌਰਾਨ ਹੀ ਡੀਨ ਪ੍ਰੋ. ਡਾ. ਬਰਾੜ ਨੇ ਦੱਸਿਆ ਕਿ ਮੰਤਰਾਲੇ ਵਲੋਂ ਯੂਨੀਵਰਸਿਟੀ ਦੇ ਕੈਮਿਸਟਰੀ/ਸਿਵਲ ਇੰਜੀਨੀਅਰਿੰਗ ਵਿਭਾਗ, ਇਲੈਕਟੋ੍ਰਨਿਕ ਇੰਜੀਨੀਅਰਿੰਗ ਵਿਭਾਗ ਅਤੇ ਕੈਮਿਸਟਰੀ ਵਿਭਾਗ ਲਈ ਵੀ ਇਕ-ਇਕ ਪੀ.ਐਚ.ਡੀ. ਫੈਲੋਸ਼ਿਪ ਮਨਜ਼ੂਰ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਫੈਲੋਸ਼ਿਪ ਲੈਣ ਦੇ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਬਿਨੈ ਪੱਤਰ ਦੇ ਸਕਦੇ ਹਨ | ਡਾ. ਬਰਾੜ ਨੇ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਪਹਿਲੇ ਤੇ ਦੂਜੇ ਸਾਲ ਪ੍ਰਤੀ ਮਹੀਨਾ 38750 ਰੁਪਏ ਤੇ ਐਚ.ਆਰ.ਏ. ਤੇ ਤੀਜੇ ਸਾਲ ਤੋਂ ਬਾਅਦ 43750 ਰੁਪਏ ਤੇ ਐਚ.ਆਰ.ਏ. ਮਿਲੇਗਾ |