ਅੰਮਿ੍ਤਸਰ, 15 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਕਮੇਟੀ ਪ੍ਰਧਾਨ ਪੋ੍ਰ. ਲਕਸ਼ਮੀਕਾਂਤਾ ਚਾਵਲਾ ਨੇ ਸਾਈਬਰ ਕ੍ਰਾਈਮ ਸਟੇਸ਼ਨ ਦੀ ਪੁਲਿਸ ਨੂੰ ਸ੍ਰੀ ਵੱਡਾ ਹਨੂੰਮਾਨ ਮੰਦਰ ਦੇ ਉਪ ਚੇਅਰਮੈਨ ਸੋਮਦੇਵ ਸ਼ਰਮਾ ਖ਼ਿਲਾਫ਼ ਗਾਲੀ ਗਲੋਚ ਕਰਨ 'ਤੇ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰਵਾਇਆ ਹੈ | ਜਾਣਕਾਰੀ ਮੁਤਾਬਕ ਪ੍ਰਧਾਨ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਪੰਜਾਬ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਸ੍ਰੀ ਵੱਡਾ ਹਨੂੰਮਾਨ ਮੰਦਰ ਦੇ ਉਪ ਚੇਅਰਮੈਨ ਸੋਮਦੇਵ ਸ਼ਰਮਾ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਹੈ | ਉਨ੍ਹਾਂ ਦੀ ਇਕ ਆਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ | ਉਨ੍ਹਾਂ ਨੇ ਇਹ ਆਡੀਓ ਵੀ ਕਮਿਸ਼ਨ ਨੂੰ ਭੇਜੀ ਸੀ | ਇਸ ਮਾਮਲੇ 'ਚ ਕਮਿਸ਼ਨ ਨੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਨੂੰ ਇਸ 'ਤੇ ਤੁਰੰਤ ਕਾਰਵਾਈ ਕਰਨ ਅਤੇ ਜਲਦ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ | ਰਿਪੋਰਟ ਪੇਸ਼ ਕਰਨ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਨੇ ਸੋਮਦੇਵ ਸ਼ਰਮਾ ਵਿਰੁੱਧ ਕੇਸ ਦਰਜ ਕੀਤਾ | ਕਮਿਸ਼ਨ ਨੂੰ ਕੀਤੀ ਸ਼ਿਕਾਇਤ 'ਚ ਪ੍ਰੋ. ਚਾਵਲਾ ਨੇ ਕਿਹਾ ਸੀ ਕਿ ਇਕ ਵਾਰ ਨਹੀਂ ਸਗੋਂ ਕਈ ਵਾਰ ਸੋਮਦੇਵ ਅਜਿਹੇ ਸ਼ਬਦ ਬੋਲਦਾ ਹੈ, ਜੋ ਇਕ ਸੱਭਿਅਕ ਸਮਾਜ ਸੁਣਨਾ ਨਹੀਂ ਚਾਹੁੰਦਾ | ਦੂਜੇ ਪਾਸੇ ਸੋਮਦੇਵ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਆਪਣੇ 'ਤੇ ਲਗਾਏ ਸਾਰੇ ਦੋਸ਼ਾਂ ਨੂੰ ੂ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਸ੍ਰੀ ਦੁਰਗਿਆਣਾ ਕਮੇਟੀ ਪ੍ਰਧਾਨ ਖ਼ਿਲਾਫ਼ ਕੋਈ ਵੀ ਮਾੜੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਗਈ | ਉਨ੍ਹਾਂ ਨੂੰ ਜਾਣਬੁਝ ਕੇ ਫਸਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ | ਸੋਮਦੇਵ ਸ਼ਰਮਾ ਨੇ ਕਿਹਾ ਕਿ ਇੱਕਲੀ ਕਮੇਟੀ ਪ੍ਰਧਾਨ ਦੇ ਕਹਿਣ 'ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾ ਸਕਦਾ ਹੈ, ਕਿਉਂਕਿ ਇਸ ਲਈ ਕਮੇਟੀ ਦਾ ਸੰਵਿਧਾਨ ਇਜਾਜ਼ਤ ਨਹੀਂ ਦਿੰਦਾ |