16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਵੱਧ ਨਮੀ ਵਾਲੇ ਝੋਨੇ ਦੀ ਖਰੀਦ ਨਾ ਹੋਣ ਕਰਕੇ ਮੰਡੀਆਂ 'ਚ ਮਚੀ ਹਾਹਾਕਾਰ <br/>

ਅਜੀਤ ਡੈਸਕ 17-10-2025

ਅੰਮਿ੍ਤਸਰ, 16 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਵੱਧ ਨਮੀ ਵਾਲੇ ਝੋਨੇ ਦੀ ਖਰੀਦ ਨਾ ਹੋਣ ਕਰਕੇ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂ ਵਾਲਾ ਸਮੇਤ ਅੱਜ ਹੋਰਨਾਂ ਮੰਡੀਆਂ 'ਚ ਅੱਜ ਹਾਹਾ ਕਾਰ ਮਚੀ ਰਹੀ ਅਤੇ ਲੱਖਾਂ ਬੋਰੀਆਂ ਬਿਨ੍ਹਾਂ ਵਿਕਣ ਤੋਂ ਹੀ ਮੰਡੀਆਂ 'ਚ ਪਈਆਂ ਰਹੀਆਂ, ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਮਾਰਕੀਟ ਕਮੇਟੀ ਅੰਮਿ੍ਤਸਰ ਦੇ ਦਫਤਰ ਸਾਹਮਣੇ ਪ੍ਰਸ਼ਾਸਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖ਼ਿਲਾਫ਼ ਨਾਅਰੇਬਾਜੀ ਕੀਤੀ | ਇਸ ਮੌਕੇ ਵੱਡੀ ਗਿਣਤੀ ਕਿਸਾਨਾਂ ਵਲੋਂ ਮਾਰਕੀਟ ਕਮੇਟੀ ਸਕੱਤਰ ਅਮਨਦੀਪ ਸਿੰਘ ਸੰਧੂ ਨੂੰ ਮੰਗ ਪੱਤਰ ਦਿੰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਵੱਧ ਨਮੀ ਵਾਲੀ ਫਸਲ ਵੇਚਣ ਦੀ ਆਗਿਆ ਨਹੀਂ ਦਿੱਤੀ ਤਾਂ ਉਹ ਆਵਾਜਾਈ ਜਾਮ ਕਰਨ ਲਈ ਮਜਬੂਰ ਹੋਣਗੇ | ਇਸ ਦੌਰਾਨ ਮਨਪ੍ਰੀਤ ਸਿੰਘ, ਮਲਕੀਤ ਸਿੰਘ, ਗੁਰਦਿਆਲ ਸਿੰਘ ਲੁਹਾਰਕਾ, ਸਰਬਜੀਤ ਸਿੰਘ, ਅਤਰ ਸਿੰਘ, ਮੱਸਾ ਸਿੰਘ, ਬਲਕਾਰ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਉਹ ਝੋਨੇ ਦੀ ਫ਼ਸਲ ਲੈ ਕੇ ਮੰਡੀ ਪਹੁੰਚੇ ਹਨ, ਜਿਥੇ ਉਨ੍ਹਾਂ ਦੀ ਫ਼ਸਲ ਪੰਜਾਬ ਸਰਕਾਰ ਵਲੋਂ ਨਮੀ ਦੀ ਮਾਤਰਾ ਵੱਧ ਹੋਣ ਕਰਕੇ ਨਾ ਤਾਂ ਖੁਦ ਖਰੀਦੀ ਜਾ ਰਹੀ ਹੈ ਅਤੇ ਨਾ ਹੀ ਪ੍ਰਾਇਵੇਟ ਫਰਮਾਂ ਨੂੰ ਵੇਚਣ ਦੀ ਆਗਿਆ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਿਨ੍ਹਾਂ ਕਿਸੇ ਕਾਰਨ ਬੀਤੇ ਦਿਨਾਂ ਤੋਂ ਮੰਡੀ 'ਚ ਆ ਕੇ ਆਪਣੀ ਚੌਧਰ ਜਤਾ ਰਹੇ ਹਨ, ਜਦਕਿ ਕਿਸਾਨ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਆਪਣੀ ਫ਼ਸਲ ਆਪਣੀ ਮਰਜੀ ਨਾਲ ਵੇਚ ਰਹੇ ਹਨ ਅਤੇ ਇਸ ਸੰਬੰਧੀ ਉਨ੍ਹਾਂ ਕਿਸੇ ਨੂੰ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਹੈ |
ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਫੇਰੀ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ ਅਤੇ ਉਹ ਪਿਛਲੇ 2 ਦਿਨਾਂ ਤੋਂ ਮੰਡੀ 'ਚ ਆਪਣੀ ਫ਼ਸਲ ਵੇਚਣ ਲਈ ਬੈਠੇ ਹੋਏ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਆਪਣੀ ਫ਼ਸਲ ਸੁਕਾ ਕੇ ਮੰਡੀ 'ਚ ਲਿਆਉਂਦੇ ਹਨ ਉਸ ਦਾ ਭਾਰ ਘੱਟ ਜਾਂਦਾ ਹੈ ਜਦੋਂ ਕਿ ਗਿੱਲੇ ਝੋਨੇ ਦਾ ਭਾਰ ਵੱਧਣ ਨਾਲ ਉਹ ਆਪਣੀ ਮਰਜੀ ਨਾਲ ਪ੍ਰਾਇਵੇਟ ਫਰਮਾਂ ਨੂੰ ਆਪਣਾ ਝੋਨਾ ਵੇਚਕੇ ਮੁਨਾਫਾ ਖੱਟ ਰਹੇ ਹਨ | ਉਨ੍ਹਾਂ ਕਿਹਾ ਕਿ ਮੰਡੀ 'ਚ ਝੋਨੇ ਦੀ ਖਰੀਦ ਸਰਕਾਰੀ ਹਦਾਇਤਾਂ ਅਨੁਸਾਰ ਹੋ ਰਹੀ ਹੈ ਅਤੇ ਬਾਕੀ ਗਿੱਲੀਆਂ ਢੇਰੀਆਂ ਜੋ ਕਿ 19 ਤੋਂ 26 ਫੀਸਦੀ ਨਮੀ ਦੀ ਮਾਤਰਾ ਤੱਕ ਹਨ, ਉਹ ਬਿਨ੍ਹਾਂ ਵਿਕਣ ਤੋਂ ਮੰਡੀ 'ਚ ਪਈਆਂ ਹਨ | ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਜੇਕਰ ਉਨ੍ਹਾਂ ਦਾ ਝੋਨਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਹੀਂ ਹੈ ਤਾਂ ਉਨ੍ਹਾਂ ਨੂੰ ਆਪਣਾ ਗਿੱਲਾ ਝੋਨਾ ਵੇਚਣ ਦੀ ਖੁੱਲ੍ਹ ਦਿੱਤੀ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਝੋਨਾ ਨਾ ਵਿਕਿਆ ਤਾਂ ਉਹ ਆਵਾਜਾਈ ਜਾਮ ਕਰਨ ਲਈ ਮਜਬੂਰ ਹੋਣਗੇ | ਇਸ ਦੌਰਾਨ ਗੱਲਾ ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਬਹਿਲ ਅਤੇ ਅਮਨਦੀਪ ਸਿੰਘ ਛੀਨਾ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਕੁਝ ਕਿਸਾਨ ਆਗੂਆਂ ਵਲੋਂ ਆੜਤੀਆਂ ਨੂੰ ਵੱਧ ਨਮੀ ਵਾਲਾ ਝੋਨਾ ਖ੍ਰੀਦਣ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਕਰਕੇ ਉਹ ਵੱਧ ਨਮੀ ਵਾਲਾ ਝੋਨਾ ਨਹੀਂ ਖਰੀਦ ਰਹੇ ਹਨ ਅਜਿਹੇ 'ਚ ਕਿਸਾਨਾਂ ਦਾ ਲੱਖਾਂ ਬੋਰੀਆਂ ਵਾਲਾ ਗਿੱਲਾ ਝੋਨਾ ਨਹੀਂ ਵਿੱਕ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਹਦਾਇਤਾਂ ਜਾਰੀ ਹੋਣ 'ਤੇ ਹੀ ਉਹ ਵੱਧ ਨਮੀ ਵਾਲੇ ਝੋਨੇ ਦੀ ਖਰੀਦ ਕਰਨਗੇ |

ਪਿਛਲੀ ਖ਼ਬਰ ਏ.ਐਸ.ਜੀ. ਹਸਪਤਾਲ ਦੀ ਨਿਵੇਕਲੀ ਪਹਿਲ ਦੀਵਾਲੀ ਮੌਕੇ ਪਟਾਕੇ ਚਲਾਉਣ ਸਮੇਂ ਬੱਚਿਆਂ ਦੀਆਂ ਅੱਖਾਂ ਨੂੰ ਲੱਗਣ ਵਾਲੀਆਂ ਸ... ਅਗਲੀ ਖ਼ਬਰ ਖਾਦ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਤੁਰੰਤ ਹੋਵੇਗੀ ਸਖ਼ਤ ਕਾਰਵਾਈ-ਧਾਲੀਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।