ਅੰਮਿ੍ਤਸਰ, 16 ਅਕਤੂਬਰ (ਰੇਸ਼ਮ ਸਿੰਘ)-ਦੀਵਾਲੀ ਮੌਕੇ ਰਸਾਇਣ ਤੇ ਗੰਧ ਭਰਪੂਰ ਪਟਾਕੇ ਤੇ ਆਤਿਸ਼ਬਾਜੀ ਕਰਨੀ ਅੱਖਾਂ ਲਈ ਬਹੁਤ ਘਾਤਕ ਹੋ ਸਕਦੀ ਹੈ ਅਤੇ ਇਸ ਤੋਂ ਬਚਣਾ ਚਾਹੀਦਾ ਹੈ ਫਿਰ ਵੀ ਜੇਕਰ ਕਿਸੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਅੱਖਾਂ ਪਟਾਕੇ ਕਾਰਨ ਸਹਿਜ ਸੁਭਾਅ ਨੁਕਸਾਨੀਆਂ ਜਾਂਦੀਆਂ ਹਨ ਜਾਂ ਸੱਟ ਲੱਗ ਜਾਂਦੀ ਹੈ ਤੇ ਏ.ਐੱਸ.ਜੀ.ਅੱਖਾਂ ਦੇ ਹਸਪਤਾਲ ਵਲੋਂ ਅਜਿਹੇ ਮਾਮਲਿਆਂ 'ਚ ਮੁਫਤ ਇਲਾਜ਼ ਤੇ ਅਪਰੇਸ਼ਨ ਕੀਤੇ ਜਾਣਗੇ | ਇਹ ਪ੍ਰਗਟਾਵਾ ਅੱਜ ਇਥੇ ਮੁਕਟ ਹਾਊਸ ਵਿਖੇ ਸਥਿਤ ਏ.ਐਸ.ਜੀ. ਅੱਖਾਂ ਦੇ ਹਸਪਤਾਲ ਵਿਖੇ ਅੱਖ ਰੋਗਾਂ ਤੇ ਕਾਰਨੀਆਂ ਮਾਹਿਰ ਡਾ: ਰੋਹਿਤ ਦੁਰੇਜਾ ਅਤੇ ਖੇਤਰੀ ਪ੍ਰਬੰਧਕ ਹਿਮਾਂਸ਼ੂ ਸ਼ਰਮਾ ਨੇ ਕੀਤਾ ਜਿਨ੍ਹਾਂ ਦਸਿਆ ਕਿ ਭਾਵੇਂ ਕਿ ਉਚ ਅਦਾਲਤ ਵਲੋਂ ਦੀਵਾਲੀ ਮੌਕੇ ਗਰੀਨ ਪਟਾਕੇ ਹੀ ਚਲਾਉਣ ਲਈ ਕਿਹਾ ਗਿਆ ਹੈ ਪਰ ਫਿਰ ਵੀ ਹਰੇਕ ਸਾਲ ਪਟਾਕਿਆਂ ਦਾ ਚਲਣ ਵੱਡੀ ਮਾਤਰਾ 'ਚ ਦੀਵਾਲੀ ਮੌਕੇ ਹੁੰਦਾ ਹੈ | 2023 ਦੇ ਮਿਲੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਦੀਵਾਲੀ ਦੀ ਰਾਤ ਪਟਾਕੇ ਚਲਾਉਣ ਨਾਲ 2 ਹਜ਼ਾਰ ਤੋਂ ਵਧੇਰੇ ਹਾਦਸੇ ਵਾਪਰਨੇ ਦਰਜ ਹੋਏ ਹਨ ਜਿਨ੍ਹਾਂ 'ਚ 60 ਫੀਸਦੀ ਤੋਂ ਜ਼ਿਆਦਾ 15 ਸਾਲਾਂ ਦੇ ਬਚੇ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਏ ਹਨ ਜਿਨ੍ਹਾਂ 'ਚੋਂ ਲਗਭਗ 10 ਫੀਸਦੀ ਨੂੰ ਸਥਾਈ ਅੱਖਾਂ ਦੀ ਰੋਸ਼ਨੀ ਗਵਾਉਣੀ ਪਈ ਹੈ | ਪਟਾਕਿਆਂ ਨਾਲ ਨਾ ਕੇਵਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਇਹ ਧੂੰਆਂ ਪਸ਼ੂ ਪੰਛੀਆਂ ਤੇ ਮਨੁੱਖੀ ਜਾਨਾਂ ਲਈ ਵੀ ਬਹੁਤ ਘਾਤਕ ਹੁੰਦਾ ਹੈ ਜਿਸ ਦੇ ਸਪਸ਼ਟ ਪ੍ਰਮਾਣ ਬੀਤੇ ਸਮੇਂ ਦੇ ਹਾਦਸੇ ਹਨ | ਉਨ੍ਹਾਂ ਕਿਹਾ ਕਿ ਦੀਵਾਲੀ ਮੌਕ ਲੋਕਾਂ ਨਾਲ ਪੂਰੇ ਦੇਸ਼ ਭਰ 'ਚ ਏ.ਐਸ.ਜੀ. ਹਸਪਤਾਲ ਵਲੋਂ 15 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਵਾਪਰਨ ਵਾਲੇ ਅਜਿਹੇ ਹਾਦਸਿਆਂ ਤੋਂ ਬਚਾਅ ਲਈ ਜਿਥੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਉਥੇ ਅੱਖਾਂ ਦੀਆਂ ਸੱਟਾਂ ਦਾ ਮੁਫਤ ਇਲਾਜ਼, ਸਲਾਹ ਤੇ ਆਪਰੇਸ਼ਨ ਦੀ ਵੀ ਪੇਸ਼ਕਸ਼ ਕੀਤੀ ਗਈ ਹੈ | ਇਹ ਮੁਹਿੰਮ 15 ਅਕਤੂਬਰ ਤੋਂ 24 ਅਕਤੁੂਬਰ ਤੱਕ ਹੋਣ ਵਾਲੇ ਹਾਦਸਿਆਂ ਲਈ ਹੋਵੇਗੀ |