ਸੁਲਤਾਨਵਿੰਡ, 22 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਸ਼ਹਿਰ ਦੇ ਨੇੜਲੇ ਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਪੁਲ ਤੇ ਲੱਗੇ ਕੂੜੇ ਦੇ ਢੇਰ ਤੋਂ ਦੁਖੀ ਇਲਾਕਾ ਵਾਸੀਆਂ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਵਾਸੀ ਕੁਲਵੰਤ ਸਿੰਘ ਕਾਲਾ ਖੋਜੀਪੁਰ, ਬਲਵਿੰਦਰ ਸਿੰਘ, ਸੁਖਵੰਤ ਸਿੰਘ, ਗੁਰਪਾਲ ਸਿੰਘ, ਅਮਰੀਕ ਸਿੰਘ, ਗੁਰਦੀਪ ਸਿੰਘ, ਨਰਿੰਦਰ ਸਿੰਘ, ਪ੍ਰਭਜੋਤ ਸਿੰਘ, ਅਵਤਾਰ ਸਿੰਘ, ਤਰਸੇਮ ਸਿੰਘ, ਨਿਰਮਲ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਸੁਲਤਾਨਵਿੰਡ ਦੇ ਪੁਲ 'ਤੇ ਪਿਛਲੇ ਕਾਫੀ ਚਿਰ ਤੋਂ ਲੱਗੇ ਕੂੜੇ ਦੇ ਢੇਰ ਕਾਰਨ ਨੇੜਲੇ ਘਰਾਂ ਅਤੇ ਰਾਹਗੀਰਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਲੰਘੀ ਦੀਵਾਲੀ ਤੋਂ ਬਾਅਦ ਸ਼ਹਿਰ ਦੇ ਲੋਕਾਂ ਵਲੋਂ ਖਾਲੀ ਜਗ੍ਹਾ ਸਮਝ ਕੇ ਇੱਥੇ ਕੂੜਾ ਕਰਕਟ ਸੁੱਟਿਆ ਜਾ ਰਿਹਾ ਜਿਸ ਨਾਲ ਕੂੜੇ ਦਾ ਬਹੁਤ ਵੱਡਾ ਢੇਰ ਬਣਿਆ ਹੋਇਆ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਇਹ ਭੁਲੇਖਾ ਪੈਂਦਾ ਹੈ ਕਿ ਅੰਮਿ੍ਤਸਰ ਸ਼ਹਿਰ ਦੇ ਕੂੜੇ ਵਾਲੇ ਡੰਪ ਤੋਂ ਬਾਅਦ ਸੁਲਤਾਨਵਿੰਡ ਪੁਲ ਕਿਤੇ ਕੂੜੇ ਵਾਲਾ ਨਵਾਂ ਡੰਪ ਤਾਂ ਨਹੀਂ ਬਣ ਗਿਆ | ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਸੁਲਤਾਨਵਿੰਡ ਪੁਲ ਦੀ ਇੰਨੀ ਮਾੜੀ ਹਾਲਤ ਨਹੀਂ ਸੀ ਜਿੰਨੀ ਹੁਣ ਵਾਲੀ ਸਰਕਾਰ ਵੇਲੇ ਬਣ ਗਈ ਹੈ | ਉਨ੍ਹਾਂ ਦੱਸਿਆ ਕਿ ਪੁਲ ਸੁਲਤਾਨਵਿੰਡ ਦੀ ਕੂੜੇ ਨਾਲ ਇੰਨੀ ਮਾੜੀ ਹਾਲਤ ਹੋ ਗਈ ਹੈ ਕਿ ਇਥੋਂ ਲੰਘਣਾ ਵੀ ਮੁਸ਼ਕਿਲ ਹੋਇਆ ਹੈ ਉਨ੍ਹਾਂ ਦੱਸਿਆ ਕਿ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਕੰਢੇ ਬਣੀ ਗ੍ਰੀਨ ਬੈਲਟ ਕੂੜੇ ਦੇ ਢੇਰ ਕਾਰਨ ਅਲੋਪ ਹੁੰਦੀ ਜਾ ਰਹੀ ਹੈ | ਇਲਾਕਾ ਵਾਸੀਆਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਪੁਲ ਸੁਲਤਾਨਵਿੰਡ ਤੋਂ ਕੂੜਾ ਚੁਕਣ ਲਈ ਕੋਈ ਵੱਡਾ ਉਪਰਾਲਾ ਕੀਤਾ ਜਾਵੇ ਤਾ ਜੋ ਇਲਾਕਾ ਵਾਸੀਆਂ ਦੀ ਸਮੱਸਿਆ ਦੂਰ ਹੋ ਸਕੇ |