ਅੰਮਿ੍ਤਸਰ, 23 ਅਕਤੂਬਰ (ਹਰਮਿੰਦਰ ਸਿੰਘ)-ਹਾਲ ਹੀ ਵਿਚ ਦੀਵਾਲੀ ਸਮੇਤ ਕਈ ਹੋਰ ਤਿਉਹਾਰ ਨਿਕਲੇ ਹਨ | ਇਨ੍ਹਾਂ ਦਿਨਾਂ ਵਿਚ ਲੋਕ ਆਪਣੇ ਘਰਾਂ, ਦਫ਼ਤਰਾਂ ਅਤੇ ਵਪਾਰਿਕ ਸਥਾਨਾਂ ਦੀ ਸਾਫ਼ ਸਫ਼ਾਈ ਕਰਦੇ ਹਨ ਪਰ ਨਗਰ ਨਿਗਮ ਜਿਸ ਦੇ ਕੋਲ ਅੰਮਿ੍ਤਸਰ ਸ਼ਹਿਰ ਦੀ ਸਫ਼ਾਈ ਦੀ ਜ਼ਿੰਮੇਵਾਰੀ ਹੈ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਿਹਾ ਹੈ | ਜਿਸ ਕਾਰਨ ਸ਼ਹਿਰ 'ਚ ਥਾਂ ਥਾਂ 'ਤੇ ਕੂੜੇ ਢੇਰ ਲੱਗੇ ਰਹੇ | ਭਾਵੇਂ ਕਿ ਲੋਕਾਂ ਦੇ ਘਰ ਦਫ਼ਤਰ ਤਾਂ ਚਮਚਮਾਉਂਦੇ ਅਤੇ ਰੁਸ਼ਨਾਏ ਨਜ਼ਰ ਆ ਰਹੇ ਸਨ ਪਰ ਸ਼ਹਿਰ ਦੀ ਹਾਲਤ ਤਰਸਯੋਗ ਰਹੀ |
ਨਗਰ ਨਿਗਮ ਪ੍ਰਸ਼ਾਸਨ ਅਤੇ ਮੇਅਰ ਵਲੋਂ ਤਿਉਹਾਰਾਂ ਦੇ ਮੌਕੇ 'ਤੇ ਸ਼ਹਿਰ ਸਾਫ਼ ਸੁਥਰਾ ਦਿਖਾਈ ਦੇਣ ਦੇ ਕਈ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਜਿਸ ਵੇਲੇ ਤਿਉਹਾਰ ਆਏ ਸ਼ਹਿਰ ਦੀ ਹਾਲਤ ਮੰਦੀ ਹੀ ਦਿਖਾਈ ਦਿੱਤੀ | ਅੰਮਿ੍ਤਸਰ ਸ਼ਹਿਰ ਜਿਥੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ 'ਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ | ਇਸ ਲਈ ਨਿਗਮ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਯਤਨ ਕੀਤੇ ਜਾਂਦੇ ਹਨ ਪਰ ਇਸ ਵਾਰ ਨਿਗਮ ਵਲੋਂ ਭਾਵੇਂ ਵੀ ਯਤਨ ਕੀਤੇ ਗਏ ਸਨ ਪਰ ਉਹ ਲੋੜ ਤੋਂ ਘੱਟ ਸਿੱਧ ਹੋਏ ਜਿਸ ਕਾਰਨ ਸ਼ਹਿਰ 'ਚ ਕੂੜੇ ਦੇ ਢੇਰ ਹੀ ਦਿਖਾਈ ਦਿੱਤੇ | ਨਿਗਮ ਵਲੋਂ ਸਵੇਰ ਦੀ ਸਫ਼ਾਈ ਦੇ ਨਾਲ ਰਾਤ ਨੂੰ ਵੀ ਸਫ਼ਾਈ ਲਈ ਵਿਸ਼ੇਸ਼ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਤਿਉਹਾਰਾਂ ਦੇ ਰਾਜੇ ਵਜੋਂ ਜਾਣੇ ਜਾਂਦੇ ਦੀਵਾਲੀ ਦੇ ਤਿਉਹਾਰ ਮੌਕੇ ਸਫ਼ਾਈ ਪੱਖੋਂ ਅੰਮਿ੍ਤਸਰ ਸ਼ਹਿਰ ਦੀ ਹਾਲਤ ਤਰਸਯੋਗ ਰਹੀ | ਕੁਝ ਕੁ ਇਲਾਕਿਆ ਨੂੰ ਛੱਡ ਕੇ ਸ਼ਹਿਰ ਦੇ ਬਹੁਤ ਇਲਾਕਿਆਂ 'ਚੋਂ ਕੂੜੇ ਦੀ ਚੁਕਾਈ ਸਹੀ ਢੰਗ ਨਾਲ ਨਹੀਂ ਹੋ ਸਕੀ ਜਿਸ ਕਾਰਨ ਸ਼ਹਿਰ ਦੇ ਵੱਡੇ ਹਿੱਸੇ ਵਿਚ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਗਏ | ਇਥੋਂ ਤੱਕ ਸੜਕਾਂ ਦੇ ਵਿਚਕਾਰ ਕੂੜਾ ਖਿਲਰ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਸੜਕਾਂ ਤੋਂ ਲੰਘਣਾ ਵੀ ਔਖਾ ਹੋ ਗਿਆ ਸੀ |
ਤਿਉਹਾਰਾਂ ਦੇ ਮੌਕੇ 'ਤੇ ਵੀ ਸਾਫ਼ ਨਹੀਂ ਹੋਇਆ ਅੰਮਿ੍ਤਸਰ ਸ਼ਹਿਰ <br/>
ਅਜੀਤ ਡੈਸਕ
24-10-2025