ਅੰਮਿ੍ਤਸਰ, 23 ਅਕਤੂਬਰ (ਸੁਰਿੰਦਰ ਕੋਛੜ)-ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਕੈਦ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਫ਼ੌਜ ਮੁਖੀ ਅਸੀਮ ਮੁਨੀਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਜਨਰਲ ਨੇ ਪਾਕਿ ਨੂੰ ਇਕ ਸਖ਼ਤ ਅਤੇ ਦਮਨਕਾਰੀ ਰਾਜ 'ਚ ਬਦਲ ਦਿੱਤਾ ਹੈ | ਖ਼ਾਨ ਨੇ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ ਕਿ ਫ਼ੌਜ ਵਲੋਂ ਅਸੀਮਿਤ ਕਾਨੂੰਨ ਅਧੀਨ ਕੀਤੇ ਜਾ ਰਹੇ ਅੱਤਿਆਚਾਰ ਰਾਜ ਨੂੰ ਮਜ਼ਬੂਤ ਨਹੀਂ ਕਰ ਰਹੇ ਹਨ ਸਗੋਂ ਇਸ ਦੀਆਂ ਨੀਂਹਾਂ ਨੂੰ ਕਮਜ਼ੋਰ ਕਰ ਰਹੇ ਹਨ | ਇਮਰਾਨ ਖ਼ਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜੇਲ੍ਹ ਮੈਨੂਅਲ ਦੇ ਤਹਿਤ ਦਿੱਤੀਆਂ ਜਾਣ ਵਾਲੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਹੈ | ਪਿਛਲੇ 10 ਮਹੀਨਿਆਂ 'ਚ ਉਨ੍ਹਾਂ ਨੂੰ ਆਪਣੇ ਪੁੱਤਰਾਂ ਨਾਲ ਸਿਰਫ਼ ਇਕ ਵਾਰ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਕ ਰਾਜਨੀਤਿਕ ਆਗੂ ਹੋਣ ਦੇ ਨਾਤੇ ਉਨ੍ਹਾਂ ਨੂੰ ਆਪਣੇ ਸਾਥੀਆਂ ਨੂੰ ਮਿਲਣ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ | ਉਨ੍ਹਾਂ ਦੇ ਵਕੀਲਾਂ, ਪਾਰਟੀ ਮੈਂਬਰਾਂ ਅਤੇ ਪਰਿਵਾਰ ਨਾਲ ਮੁਲਾਕਾਤਾਂ 'ਚ ਲਗਾਤਾਰ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ, ਜੋ ਉਨ੍ਹਾਂ ਦੇ ਕਾਨੂੰਨੀ ਅਤੇ ਬੁਨਿਆਦੀ ਅਧਿਕਾਰਾਂ ਦੀ ਸਪਸ਼ਟ ਉਲੰਘਣਾ ਹੈ | ਦੂਜੇ ਪਾਸੇ, ਸੰਸਦੀ ਮਾਮਲਿਆਂ ਦੇ ਮੰਤਰੀ ਡਾ: ਤਾਰਿਕ ਫ਼ਜ਼ਲ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੰਸਥਾਪਕ ਇਮਰਾਨ ਖ਼ਾਨ ਨੂੰ ਅਡਿਆਲਾ ਜੇਲ੍ਹ ਤੋਂ ਇਸਲਾਮਾਬਾਦ 'ਚ ਬਨੀਗਾਲਾ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਤਬਦੀਲ ਕੀਤਾ ਜਾਵੇਗਾ, ਬਸ਼ਰਤੇ ਇਸ ਬਾਰੇ ਉਨ੍ਹਾਂ ਦੀ ਪਾਰਟੀ ਅਰਜ਼ੀ ਦਾਇਰ ਕਰੇ | ਉਨ੍ਹਾਂ ਦਾਅਵਾ ਕੀਤਾ ਕਿ ਖ਼ਾਨ ਬਿਨਾਂ ਕਿਸੇ ਪਾਬੰਦੀ ਦੇ ਜੇਲ੍ਹ 'ਚ ਆਪਣੇ ਪੂਰੇ ਪਰਿਵਾਰ ਅਤੇ ਵਕੀਲਾਂ ਨਾਲ ਮਿਲ ਰਹੇ ਹਨ | ਜੇਕਰ ਉਨ੍ਹਾਂ ਨੂੰ ਮਿਲਣ 'ਚ ਕੋਈ ਰੁਕਾਵਟ ਆਉਂਦੀ ਹੈ, ਤਾਂ ਅਸੀਂ ਇਸ ਦੀ ਸਮੀਖਿਆ ਕਰਾਂਗੇ | ਹਾਲਾਂਕਿ, ਸਾਬਕਾ ਸੈਨੇਟਰ ਅਤੇ ਤਹਿਰੀਕ ਤਹਾਫੁਜ਼ ਆਇਨ-ਏ-ਪਾਕਿਸਤਾਨ ਦੇ ਉਪ-ਚੇਅਰਮੈਨ ਮੁਸਤਫ਼ਾ ਨਵਾਜ਼ ਖੋਖਰ ਨੇ ਡਾ: ਚੌਧਰੀ ਦੀ ਉਕਤ ਦੀ ਪੇਸ਼ਕਸ਼ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਨਾ ਤਾਂ ਸੰਘੀ ਅਤੇ ਨਾ ਹੀ ਪੰਜਾਬ ਸਰਕਾਰ ਕੋਲ ਅਜਿਹਾ ਕਰਨ ਦਾ ਅਧਿਕਾਰ ਹੈ |