ਅੰਮਿ੍ਤਸਰ, 4 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ 24 ਨਵੰਬਰ 2025 ਨੂੰ ਆਪਣਾ 56ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਉਣ ਜਾ ਰਹੀ ਹੈ | ਇਸ ਦੇ ਪ੍ਰਬੰਧਾਂ ਦੀ ਸਮੀਖਿਆ ਲਈ ਪਲੇਠੀ ਮੀਟਿੰਗ ਸੈਨੇਟ ਹਾਲ 'ਚ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਖ-ਵੱਖ ਕਮੇਟੀਆਂ ਗਠਿਤ ਕਰਨ ਦਾ ਫ਼ੈਸਲਾ ਲਿਆ ਗਿਆ | ਰਜਿਸਟਰਾਰ ਡਾ. ਕੇ. ਐੱਸ. ਚਾਹਲ ਨੇ ਦੱਸਿਆ ਕਿ 22 ਨਵੰਬਰ ਸਵੇਰੇ 9 ਵਜੇ ਯੂਨੀਵਰਸਿਟੀ ਗੁਰਦੁਆਰਾ ਸਾਹਿਬ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ, ਜਿਸ ਦੇ ਭੋਗ 24 ਨਵੰਬਰ ਸਵੇਰੇ 8. 15 ਵਜੇ ਪੈਣਗੇ, ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵਲੋਂ ਕੀਰਤਨ ਕੀਤਾ ਜਾਵੇਗਾ | ਸ਼ਾਮ ਨੂੰ ਵਿਸ਼ੇਸ਼ ਕੀਰਤਨ ਦਰਬਾਰ ਹੋਵੇਗਾ ਜਿਸ 'ਚ ਵਿਦਿਆਰਥੀ ਤੇ ਕਰਮਚਾਰੀ ਹੀ ਕੀਰਤਨ ਕਰਨਗੇ | ਉਨ੍ਹਾਂ ਦੱਸਿਆ ਕਿ ਪਬਲਿਕੇਸ਼ਨ ਬਿਊਰੋ ਵਲੋਂ ਪੁਸਤਕ ਪ੍ਰਦਰਸ਼ਨੀ ਲਗੇਗੀ ਜਿਸ 'ਚ ਯੂਨੀਵਰਸਿਟੀ ਪ੍ਰਕਾਸ਼ਨਾਂ 'ਤੇ 50 ਫੀਸਦੀ ਤੱਕ ਛੋਟ ਮਿਲੇਗੀ | ਭਾਈ ਗੁਰਦਾਸ ਲਾਇਬ੍ਰੇਰੀ 'ਚ ਦੁਰਲੱਭ ਹੱਥ-ਲਿਖਤ ਪੋਥੀਆਂ ਤੇ ਇਤਿਹਾਸਕ ਤਸਵੀਰਾਂ ਦੀ ਪ੍ਰਦਰਸ਼ਨੀ ਆਕਰਸ਼ਣ ਦਾ ਕੇਂਦਰ ਰਹੇਗੀ | ਲੋਕ ਕਲਾ ਪ੍ਰਦਰਸ਼ਨੀ 'ਚ ਵੱਖ-ਵੱਖ ਕਾਲਜ ਸ਼ਾਮਿਲ ਹੋਣਗੇ | ਪੇਂਟਿੰਗ ਮੁਕਾਬਲੇ ਦੇ ਜੇਤੂਆਂ ਨੂੰ ਕ੍ਰਮਵਾਰ 5000, 3000 ਤੇ 2000 ਰੁਪਏ ਦੇ ਨਕਦ ਇਨਾਮ ਮਿਲਣਗੇ | ਵਿਦਿਅਕ ਲੈਕਚਰ ਸਵੇਰੇ 11 ਵਜੇ ਸਿੱਖ ਸਟੱਡੀਜ਼ ਆਡੀਟੋਰੀਅਮ 'ਚ ਹੋਣਗੇ | ਉਨ੍ਹਾਂ ਅੰਮਿ੍ਤਸਰ ਵਾਸੀਆਂ ਤੇ ਯੂਨੀਵਰਸਿਟੀ ਪਰਿਵਾਰ ਨੂੰ ਸਮਾਗਮ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ | ਮੀਟਿੰਗ 'ਚ ਡੀਨ ਵਿੱਦਿਅਕ ਮਾਮਲੇ ਡਾ. ਪਲਵਿੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਡਾ. ਹਰਿੰਦਰ ਸਿੰਘ ਸੈਣੀ, ਡਾਇਰੈਕਟਰ ਰਿਸਰਚ ਡਾ. ਬੰਦਨਾ ਭੱਲਾ, ਡੀਨ ਕਾਲਜ ਵਿਕਾਸ ਕੌਂਸਲ ਡਾ. ਸਰੋਜ ਅਰੋੜਾ, ਡਾ. ਰਵਿੰਦਰ ਕੁਮਾਰ, ਡਾ. ਐਮ. ਐਲ. ਏ. ਸਿੰਘ, ਪ੍ਰੋ: ਇੰਚਾਰਜ ਪਬਲਿਕੇਸ਼ਨ ਡਾ. ਬਲਮੀਤ ਸਿੰਘ ਗਿੱਲ, ਡਾਇਰੈਕਟਰ ਸਿੱਖ ਸਟੱਡੀਜ਼ ਚੇਅਰ ਡਾ. ਅਮਰਜੀਤ ਸਿੰਘ, ਡਾ. ਬਲਬੀਰ ਸਿੰਘ, ਸੁਰੱਖਿਆ ਅਫ਼ਸਰ ਹਰਵਿੰਦਰ ਸਿੰਘ, ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵਲੋ ਪ੍ਰਗਟ ਸਿੰਘ, ਲੈਂਡ ਸਕੇਪ ਇੰਚਾਰਜ਼ ਗੁਰਿੰਦਰ ਸਿੰਘ, ਡਾਇਰੈਕਟ ਪ੍ਰਵੀਨ ਪੁਰੀ, ਉਪ-ਰਜਿਸਟਰਾਰ, ਡਾ ਰਾਜੇਸ਼ ਕਾਲੀਆ ਅਤੇ ਐਚ. ਐਸ. ਭਿੰਡਰ ਆਦਿ ਹਾਜਰ ਸਨ |