ਅੰਮਿ੍ਤਸਰ, 4 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮਿ੍ਤਸਰ ਦੇ ਵਿਹੜੇ ਪੰਜਾਬ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਪੰਜਾਬ ਦੇ ਸੱਭਿਆਚਾਰ, ਇਸ ਦੀ ਪਿਆਰੀ ਵਿਰਾਸਤ 'ਤੇ ਭਰਪੂਰ ਰੌਸ਼ਨੀ ਪਾਈ ਗਈ | ਵਿਦਿਆਰਥੀਆਂ ਵਲੋਂ ਬੋਲੀਆਂ, ਟੱਪੇ ਤੇ ਲੋਕ ਗੀਤਾਂ ਦੀ ਛਹਿਬਰ ਲਾਈ ਗਈ | ਵਿਦਿਆਰਥੀ ਪੰਜਾਬੀ ਪਰੰਪ੍ਰਾਗਤ ਪਹਿਰਾਵੇ 'ਚ ਸੱਜੇ ਹੋਏ ਸਨ ਅਤੇ ਉਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਸੇ ਦੇ ਉਤੇ ਆਪਣੀਆਂ ਗੱਲਾਂ ਰਾਹੀਂ ਝਾਤੀ ਮਰਵਾਈ | ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਖ਼ੁਬਸੂਰਤ ਪੰਜਾਬ ਤੇ ਪੰਜਾਬੀਅਤ ਨੂੰ ਦਰਸਾਉਂਦੇ ਚਾਰਟ ਅਤੇ ਪ੍ਰਾਜੈਕਟ ਬਣਾ ਕੇ ਪੇਸ਼ ਕੀਤੇ ਸਨ, ਜਿਨ੍ਹਾਂ ਨੇ ਹਰੇਕ ਦਾ ਮਨ ਮੋਹ ਲਿਆ | ਵਿਦਿਆਰਥੀਆਂ ਨੂੰ ਮੁਬਾਰਕ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੀ ਮਿੱਟੀ, ਆਪਣੀ ਬੋਲੀ ਤੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਹੈ |