ਛੇਹਰਟਾ, 6 ਨਵੰਬਰ (ਪੱਤਰ ਪ੍ਰੇਰਕ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਜੀ ਦੀ ਅਗਵਾਈ ਹੇਠ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਗੁਰਦੁਆਰਾ ਜਨਮ ਅਸਥਾਨ ਪਿੰਡ ਕਾਲਾ ਤੋਂ ਪ੍ਰਧਾਨ ਅਮਰੀਕ ਸਿੰਘ ਸੰਧੂ ਦੀ ਦੇਖ-ਰੇਖ ਹੇਠ ਸਜਾਇਆ ਗਿਆ | ਨਗਰ ਕੀਰਤਨ ਨੂੰ ਰਵਾਨਾ ਕਰਨ ਤੋਂ ਪਹਿਲਾਂ ਹੈੱਡ ਗ੍ਰੰਥੀ ਭਾਈ ਲਵਪ੍ਰੀਤ ਸਿੰਘ ਨੇ ਅਰਦਾਸ ਕੀਤੀ, ਜਦਕਿ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਗੁਬਾਰੇ ਛੱਡ ਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜਥਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਨਤਮਸਤਕ ਹੋਏ, ਜਿਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ | ਇਹ ਮਹਾਨ ਨਗਰ ਕੀਰਤਨ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਗੁਰਦੁਆਰਾ ਜਨਮ ਅਸਥਾਨ ਪਿੰਡ ਕਾਲੇ ਤੋਂ ਆਰੰਭ ਹੋ ਕੇ ਵੱਖ-ਵੱਖ ਇਲਾਕਿਆਂ ਵਿਚੋਂ ਹੋ ਕੇ ਦੇਰ ਸ਼ਾਮ ਗੁਰਦੁਆਰਾ ਜਨਮ ਅਸਥਾਨ ਪਿੰਡ ਕਾਲਾ ਵਿਖੇ ਸੰਪੰਨ ਹੋਇਆ | ਇਸ ਮੌਕੇ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਜੀਵਨੀ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਕਿਰਤ ਕਰਨ, ਨਾਮ ਜੱਪਣ, ਵੰਡ ਛਕਣ, ਬਾਣੀ ਤੇ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ | ਸਿੱਖੀ ਬਾਣੇ 'ਚ ਸੱਜੀਆਂ ਸਿੰਘਾਂ ਦੀਆਂ ਫੌਜਾਂ ਨੇ ਵਿਸ਼ੇਸ ਤੌਰ 'ਤੇ ਗਤਕੇ ਦੇ ਜ਼ੌਹਰ ਵਿਖਾ ਸੰਗਤਾਂ ਦਾ ਮਨ ਮੋਹਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਐਡਵੋਕੇਟ ਸਤੀਸ਼ ਸਿੰਘ, ਬਾਬਾ ਲਵਪ੍ਰੀਤ ਸਿੰਘ, ਅਰਜਨ ਸਿੰਘ, ਬਲਬੀਰ ਸਿੰਘ, ਰਜਿੰਦਰ ਸਿੰਘ, ਜਸਪਾਲ ਸਿੰਘ ਬਿੱਲਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |